ਵਿਨੇ ਹਾਂਡਾ
ਫ਼ਿਰੋਜ਼ਪੁਰ: ਸਰਕਾਰਾਂ ਬਦਲੀਆਂ, ਪਰ ਮੰਗਾਂ ਨੂੰ ਲੈ ਕੇ ਧਰਨੇ ਮੁਜ਼ਾਹਰੇ ਕਰਨ ਦਾ ਕਾਰਜ ਨਹੀਂ ਬਦਲਿਆ। ਅੱਜ ਆਪਣੀਆਂ ਤਨਖਾਹਾਂ ਨੂੰ ਲੈ ਕੇ ਅਤੇ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਵੱਲੋਂ ਦੋ ਘੰਟੇ ਦਾ ਚੱਕਾ ਜਾਮ ਕਰਕੇ ਸਰਕਾਰ ਅਤੇ ਮੈਨੇਜਮੈਂਟ ਵਿਰੁੱਧ ਨਾਅਰੇਬਾਜੀ ਕੀਤੀ ਗਈ। ਰੋਸ ਮੁਜ਼ਾਹਰਾ ਕਰਦਿਆਂ ਕੱਚੇ ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਤਨਖਾਹਾਂ ਦੀ ਪ੍ਰਾਪਤੀ ਨੂੰ ਲੈ ਕੇ ਅਤੇ ਮੰਗਾਂ ਦੀ ਪੂਰਤੀ ਲਈ ਅੱਜ ਪੰਜਾਬ ਦੇ 27 ਡੀਪੂਆਂ ਸਮੇਤ 29 ਬੱਸ ਸਟੈਂਡ ਉੱਤੇ ਪੂਰਨ ਚੱਕਾ ਜਾਮ ਕੀਤਾ ਗਿਆ।
ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਰੋਡਵੇਜ਼ ਵਿਚ 8 ਹਜ਼ਾਰ ਕੱਚਾ ਮੁਲਾਜ਼ਮ ਕੰਮ ਕਰ ਰਿਹਾ ਹੈ। ਪਰ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਿਚ ਦੇਰੀ ਕਰਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਅੱਜ ਦੋ ਘੰਟੇ ਦਾ ਜਾਮ ਲਾਇਆ ਗਿਆ ਹੈ।ਮੁਲਾਜ਼ਮਾਂ ਨੇ ਕਿਹਾ ਕਿ ਲਗਾਤਾਰ ਸਰਕਾਰ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਿਚ ਦੇਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ 21 ਤਰੀਕ ਲੰਘਣ ਦੇ ਬਾਵਜੂਦ ਸਾਡੀਆਂ ਤਨਖਾਹਾਂ ਜਾਰੀ ਨਹੀਂ ਹੋਈਆਂ। ਜਦੋਂ ਕਿ ਨਿਯਮ ਮੁਤਾਬਿਕ ਇਕ ਤਰੀਕ ਨੂੰ ਤਨਖਾਹ ਮਿਲਣੀ ਬਣਦੀ ਹੈ। ਤਿੱਖੇ ਤੇਵਰਾਂ `ਚ ਰੋਸ ਜ਼ਾਹਿਰ ਕਰਦਿਆਂ ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਇਸੀ ਤਰ੍ਹਾਂ ਟਾਲ-ਮਟੋਲ ਵਾਲੀ ਨੀਤੀ ਅਪਣਾਈ ਰੱਖੀ ਤਾਂ ਸਾਨੂੰ ਮਜ਼ਬੂਰਨ ਰੋਡ ਜਾਮ ਕਰਨੇ ਪੈ ਸਕਦੇ ਹਨ।ਮੁਜ਼ਾਹਰਾਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਦੋ ਦਿਨਾਂ ਵਿਚ ਤਨਖਾਹ ਨਾ ਮਿਲੀ ਤਾਂ ਕੰਮਕਾਜ ਠੱਪ ਕਰਕੇ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੰਤਰੀ ਦੀ ਕੋਠੀ ਦਾ ਘੇਰਾਓ ਕਰਨ ਦੇ ਨਾਲ-ਨਾਲ ਪੰਜਾਬ ਦੇ ਰੋਡ ਜਾਮ ਕਰਨ ਨੂੰ ਮਜ਼ਬੂਰ ਹੋਵਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।