ਗੁਰੂਹਰਸਹਾਏ ਪੁੱਜੇ ਮੁੱਖ ਮੰਤਰੀ ਚੰਨੀ ਨੂੰ ਜਥੇਬੰਦੀਆਂ ਨੇ ਬੋਲਣ ਨਹੀਂ ਦਿੱਤਾ। ਭਾਵੇਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਗੁਰੂਹਰਸਹਾਏ ਫੇਰੀ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਦੇ ਗ੍ਰਹਿ ਵਿਖੇ ਵਰਕਰ ਮੀਟਿੰਗ ਕੀਤੀ ਗਈ। ਪਰ ਜਿਉਂ ਹੀ ਜਨਤਕ ਇਕੱਠ ਨੂੰ ਸੰਬੋਧਨ ਕਰਨ ਲੱਗੇ। ਤਿਉਂ ਹੀ ਵਿਚ ਖੜ੍ਹੇ ਜਥੇਬੰਦੀਆਂ ਦੇ ਆਗੂਆਂ ਨੇ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਸਟੇਜ ਤੋਂ ਕੋਈ ਵੀ ਗਤੀਵਿਧੀ ਨਹੀਂ ਹੋਣ ਦਿੱਤੀ। ਜਿਸ ਤੋਂ ਖਫਾ ਹੋਏ ਮੁੱਖ ਮੰਤਰੀ ਨੇ ਧਮਕੀ ਭਰੇ ਲਫਜ਼ਾਂ ਵਿਚ ਤੁਹਾਡੇ ਕੋਲ 5 ਬੰਦੇ ਹਨ ਮੇਰੇ ਕੋਲ ਪੰਜ ਹਜ਼ਾਰ ਹਨ ਕਹਿ ਦਿੱਤਾ। ਭਾਵੇਂ ਇਸ ਦੌਰਾਨ ਪੁਲਿਸ ਨੇ ਬੜੀ ਮੁਸ਼ਕਤ ਨਾਲ ਜਥੇਬੰਦੀਆਂ ਦੇ ਆਗੂਆਂ ਨੂੰ ਬਾਹਰ ਕੱਢਿਆ। ਪਰ ਇਕ ਜਗ੍ਹਾ ਕਾਂਗਰਸੀ ਵਰਕਰ ਤੇ ਜਥੇਬੰਦੀ ਦਾ ਆਗੂ ਵਿਚ ਤਕਰਾਰ ਵੀ ਹੋ ਗਿਆ।
ਮੁੱਖ ਮੰਤਰੀ ਦਾ ਵਿਰੋਧ ਕਰਨ ਪੁੱਜੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਵੱਡੇ-ਵੱਡੇ ਵਾਅਦੇ ਕਰਕੇ ਸਤ੍ਹਾ ਵਿਚ ਆਈ ਕਾਂਗਰਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਉਕਾ ਹੀ ਭਲਾ ਨਹੀਂ ਕੀਤਾ। ਜਿਸ ਕਰਕੇ ਹਰ ਵਰਗ ਸੜਕਾਂ ਉਪਰ ਰੁਲ ਰਿਹੈ। ਆਗੂਆਂ ਨੇ ਕਿਹਾ ਕਿ ਕੱਚੇ ਮੁਲਾਜ਼ਮ ਰੈਗੂਲਰ ਹੋਣ ਲਈ ਤਰਲੇ ਕੱਢ ਰਹੇ ਹਨ। ਪਰ ਸਰਕਾਰ ਦੇ ਕੰਨ `ਤੇ ਜੂੰ ਨਹੀਂ ਸਰਕ ਰਹੀ।ਸਿਹਤ ਵਿਭਾਗ ਦੇ ਕਾਮਿਆਂ ਨੇ ਕਿਹਾ ਕਿ ਵੱਖ-ਵੱਖ ਕੈਟਾਗਿਰੀਆਂ ਵਿਚ ਉਹ ਅਲੱਗ-ਅਲੱਗ ਸਕੀਮਾਂ ਤਹਿਤ ਸਿਹਤ ਵਿਭਾਗ ਵਿਚ ਕੰਮ ਕਰ ਰਹੇ ਹਨ। ਪਰ ਸਰਕਾਰ ਉਨ੍ਹਾਂ ਦੀ ਸਾਰ ਲੈਣ ਨੂੰ ਤਿਆਰ ਨਹੀਂ। ਜਦੋਂ ਕਿ ਕਰੋਨਾ ਕਾਲ ਦੌਰਾਨ ਸਿਹਤ ਕਾਮਿਆਂ ਨੇ ਆਪਣੀ ਜਿੰਦਗੀ ਦਾਅ `ਤੇ ਲਗਾ ਕੇ ਸਰਕਾਰੀ ਨੀਤੀਆਂ ਘਰ-ਘਰ ਪਹੁੰਚਾਈਆਂ ਹਨ।
ਰੋਹ ਜ਼ਾਹਿਰ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ ਅਜਿਹੇ ਰੋਹ ਜ਼ਾਹਿਰ ਕੀਤੇ ਜਾਂਦੇ ਰਹਿਣਗੇ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸੀਆਂ ਦਾ ਜੰਮ ਕੇ ਵਿਰੋਧ ਕੀਤਾ ਜਾਵੇਗਾ।ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਤੋਂ ਖਫਾ ਹੁੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧਮਕੀ ਭਰੇ ਲਫਜ਼ਾਂ ਵਿਚ ਤੁਹਾਡੇ ਕੋਲ ਪੰਜ ਬੰਦੇ ਹਨ। ਮੇਰੇ ਕੋਲ ਪੰਜ ਹਜ਼ਾਰ ਬੰਦੇ ਹਨ। ਕਹਿੰਦਿਆਂ ਕਿਹਾ ਕਿ ਸ਼ਰਾਰਤੀ ਲੋਕ ਸਰਕਾਰ ਨੂੰ ਬਦਨਾਮ ਕਰ ਰਹੇ ਹਨ। ਜਿਨ੍ਹਾਂ ਨੂੰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ।
ਮੁੱਖ ਮੰਤਰੀ ਪੰਜਾਬ ਵੱਲੋਂ ਸਟੇਜ ਪਰ ਸਰਕਾਰ ਦੇ ਅਖੀਰਲੇ ਦਿਨਾਂ ਵਿਚ ਦਿੱਤੀ ਧਮਕੀ ਦੀ ਨਿਖੇਧੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਪਣੀਆਂ ਨਾਕਾਮੀਆਂ ਨੂੰ ਦੂਰ ਕਰਨ ਦੀ ਬਜਾਏ ਕਾਂਗਰਸੀ ਧਮਕੀਆਂ ਨਾਲ ਪੰਜਾਬੀਆਂ ਨੂੰ ਡਰਾਉਣਾ ਚਾਹੁੰਦੇ ਹਨ। ਪਰ ਇਤਿਹਾਸ ਗਵਾਹ ਹੈ ਕਿ ਪੰਜਾਬੀ ਬਾਬਰ ਤੋਂ ਨਹੀਂ ਡਰੇ ਇਹ ਕਾਂਗਰਸੀ ਕਿਹਾੜੇ ਖੇਤ ਦੀ ਮੂਲੀ ਹਨ। ਅਕਾਲੀ ਆਗੂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਲੋਕ ਹਿੱਤ ਵਿਚ ਕੰਮ ਕੀਤੇ ਹੁੰਦੇ ਤਾਂ ਏਨ੍ਹੀ ਵੱਡੀ ਤਦਾਦ ਵਿਚ ਜਥੇਬੰਦੀਆਂ ਦੇ ਲੋਕ ਵਿਰੋਧ ਕਰਨ ਨਾ ਅਪੜਦੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Charanjit Singh Channi, Chief Minister, Congress, Ferozepur, Punjab, Punjab Assembly elections, Punjab Congress