Ashphaq Dhuddy
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ਉਤੇ ਚੱਲ ਰਹੇ ਅੰਦੋਲਨ ਬਾਰੇ ਸੋਸ਼ਲ ਮੀਡੀਆ ਉਤੇ ਮਾੜੇ ਕੁਮੈਂਟਾਂ ਕਾਰਨ ਵਿਵਾਦਾਂ ਵਿਚ ਆਈ ਫਿਲਮੀ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਟਵਿਟਰ ਅਕਾਊਂਟ ਤੋਂ ਮੁੜ ਕਿਸਾਨਾਂ ਵਿਰੁੱਧ ਟਵੀਟ ਕਰਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਇਸ ਸੰਬੰਧੀ ਕਿਸਾਨ ਹਰਸਿਮਰਨ ਸਿੰਘ ਸਿੱਧੂ ਨੇ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਅਤੇ ਐਡਵੋਕੇਟ ਸਨੇਹਪ੍ਰੀਤ ਸਿੰਘ ਮਾਨ ਰਾਹੀਂ ਜੇਐਮਆਈਸੀ ਸ੍ਰੀ ਮਨਦੀਪ ਸਿੰਘ ਦੀ ਅਦਾਲਤ ਵਿਖੇ ਕੰਗਨਾ ਰਣੌਤ ਵਿਰੁੱਧ ਇਕ ਸ਼ਿਕਾਇਤ ਦਾਇਰ ਕੀਤਾ ਹੈ। ਜਿਸ ਦੀ ਅਗਲੀ ਸੁਣਵਾਈ 15 ਫ਼ਰਵਰੀ ਹੈ।
ਦਾਇਰ ਕੀਤੇ ਗਏ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ 3 ਫਰਵਰੀ ਨੂੰ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਲਈ ਅੱਤਵਾਦੀ, ਵੱਖਵਾਦੀ ਅਤੇ ਇੱਥੋਂ ਤੱਕ ਕੇ ਕੈਂਸਰ ਵਰਗੇ ਭੈੜੇ ਸ਼ਬਦ ਵਰਤ ਕੇ ਕਿਸਾਨਾਂ ਨੂੰ ਠੇਸ ਪਹੁੰਚਾਈ ਹੈ।
ਇੰਨਾ ਹੀ ਨਹੀਂ, ਕੰਗਨਾ ਰਣੌਤ ਨੇ ਆਪਣੇ ਇਸ ਟਵੀਟ ਵਿੱਚ ਹਿੰਦੂ ਅਤੇ ਸਿੱਖਾਂ ਨੂੰ ਲੜਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਪਬਲੀਸਿਟੀ ਲਈ ਭਾਈਚਾਰਕ ਸਾਂਝ ਨੂੰ ਖਰਾਬ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਹਰਸਿਮਰਨ ਸਿੰਘ ਸਿੱਧੂ ਨੇ ਮਾਣਯੋਗ ਅਦਾਲਤ ਵਿਚ ਵੱਖ-ਵੱਖ ਧਰਾਵਾਂ ਅਧੀਨ ਇਕ ਕੰਪਲੇਂਟ ਫਾਈਲ ਕੀਤੀ ਹੈ ਅਤੇ ਮਾਣਯੋਗ ਕੋਰਟ ਤੋਂ ਕੰਗਨਾ ਰਨੌਤ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Kangana Ranaut, Kisan andolan