ਕਪੂਰਥਲਾ/ਚੰਡੀਗੜ੍ਹ: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਵਿਖੇ ਸਥਾਪਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਚੇਅਰ 'ਤੇ ਵਿਸ਼ਵ ਪੱਧਰੀ ਤੇ ਯੋਗ ਸ਼ੋਧ ਕਾਰਜ ਕਰਵਾਉਣ ਦੇ ਉਦੇਸ਼ ਨਾਲ ਯੂਨੀਵਰਸਿਟੀ ਵੱਲੋਂ ਇਸ ਚੇਅਰ ਲਈ ਇੱਕ ਉੱਚ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਧਾਰਮਿਕ ਅਧਿਐਨ ਵਿਸ਼ੇ ਵਿਚ ਜਾਣੀ-ਪਛਾਣੀ ਸ਼ਖਸੀਅਤ ਡਾ. ਸਰਬਜਿੰਦਰ ਸਿੰਘ ਇਸ ਸਲਾਹਕਾਰ ਕਮੇਟੀ ਦੇ ਚੇਅਰਮੈਨ ਹੋਣਗੇ! ਉਹ ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU), ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡੀਨ ਫੈਕਲਟੀ, ਹਿਊਮੈਨਟੀਜ਼ ਅਤੇ ਰਿਲੀਜੀਅਸ ਸਟੱਡੀਜ਼ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਉਹ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਚੇਅਰ ਦੇ ਪ੍ਰੋਫ਼ੈਸਰ ਵੀ ਹਨ। ਕਿਉਂਕਿ ਕਪੂਰਥਲਾ ਜਿਲ੍ਹੇ ਵਿੱਚ ਯੂਨੀਵਰਸਿਟੀ ਦੀ ਸਥਾਪਨਾ ਹੋਈ ਹੈ ਅਤੇ ਇਹ ਧਰਤੀ (ਸੁਲਤਾਨਪੁਰ ਲੋਧੀ) ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ ਤੇ ਇਹ ਧਰਤੀ ਉਹਨਾਂ ਦੇ ਜੀਵਨ ਨਾਲ ਜੁੜੀ ਹੋਈ ਹੈ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਈ.ਕੇ.ਜੀ ਪੀ.ਟੀ.ਯੂ. ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੇਅਰ ਦੀ ਸਥਾਪਨਾ ਪੰਜਾਬ ਸਰਕਾਰ ਵੱਲੋਂ ਕੀਤੀ ਹੋਈ ਹੈਂ! ਇਸ ਪਵਿੱਤਰ ਚੇਅਰ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਧਰਮ, ਸੱਭਿਆਚਾਰ, ਗਿਆਨ ਅਤੇ ਸਮਾਜਿਕ ਪੀੜ੍ਹੀ ਦੇ ਸਰੋਕਾਰਾਂ ਵਰਗੇ ਵਿਸ਼ਿਆਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਅਧਿਐਨ, ਸ਼ੋਧ ਕਾਰਜਾਂ ਲਈ ਪ੍ਰੇਰਿਤ ਕਰਨਾ ਹੈ।
ਇਸ ਚੇਅਰ ਦੀ ਸਲਾਹਕਾਰ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਸ੍ਰੀਮਤੀ ਗੁਰਜੋਤ ਕੌਰ (ਅਜੀਤ ਪ੍ਰਕਾਸ਼ਨ ਸਮੂਹ) ਨੂੰ ਸ਼ਾਮਿਲ ਕੀਤਾ ਗਿਆ ਹੈ! ਅਦਾਰਾ ਅਜੀਤ ਦਾ ਪੰਜਾਬੀ ਭਾਸ਼ਾ, ਧਰਮ, ਗਿਆਨ ਤੇ ਖਾਸਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਉਪਰ ਕੰਮ ਕਰਦੇ ਲੇਖਕਾਂ-ਸ਼ੋਧਕਰਤਾਵਾਂ ਨਾਲ ਸਿੱਧਾ ਰਾਬਤਾ ਰਹਿੰਦਾ ਹੈ, ਨੂੰ ਦੇਖਦੇ ਹੋਏ ਸ਼੍ਰੀਮਤੀ ਗੁਰਜੋਤ ਕੌਰ ਨੂੰ ਇਸ ਕਮੇਟੀ ਵਿੱਚ ਵੱਡੀ ਜਿੱਮੇਦਾਰੀ ਦਿੱਤੀ ਗਈ ਹੈ!
ਡਾ: ਜੋਗਾ ਸਿੰਘ ਡੀਨ ਫੈਕਲਟੀ, ਹਿਊਮੈਨਟੀਜ਼ ਐਂਡ ਲੈਂਗੂਏਜ਼, ਹੈੱਡ ਪ੍ਰੋਫੈਸਰ (ਰਿਟਾਇਰ) , ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ ਵਿਭਾਗ, ਰਿਟਾ ਡਾਇਰੈਕਟਰ ਸੈਂਟਰ ਫਾਰ ਡਾਇਸਪੋਰਾ ਸਟੱਡੀਜ਼ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਵੀ ਮੈਂਬਰ ਵੱਜੋਂ ਸ਼ਾਮਲ ਕੀਤਾ ਗਿਆ ਹੈ! ਇਸ ਤੋਂ ਇਲਾਵਾ ਡਾ. ਅਸ਼ੀਸ਼ ਅਰੋੜਾ, ਯੂਨੀਵਰਸਿਟੀ ਦੇ ਡੀਨ ਖੋਜ ਅਤੇ ਵਿਕਾਸ ਅਤੇ ਡਾ. ਸਰਬਜੀਤ ਸਿੰਘ ਮਾਨ ਨੂੰ ਚੇਅਰ ਪ੍ਰੋਫ਼ੈਸਰ ਨਿਯੁਕਤ ਕੀਤਾ ਗਿਆ ਹੈ।
ਯੂਨੀਵਰਸਿਟੀ ਦੇ ਉਪ-ਕੁਲਪਤੀ ਸ੍ਰੀ ਰਾਹੁਲ ਭੰਡਾਰੀ, ਆਈ.ਏ.ਐਸ. ਨੇ ਇਸ ਨਿਯੁਕਤੀ 'ਤੇ ਸਲਾਹਕਾਰ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਵਿਸ਼ਵਾਸ ਪ੍ਰਗਟਾਇਆ ਕਿ ਯੂਨੀਵਰਸਿਟੀ ਕਮੇਟੀ ਨੂੰ ਇਸ ਵਿਸ਼ੇ 'ਤੇ ਸੁਤੰਤਰ ਤੌਰ 'ਤੇ ਕੰਮ ਕਰਨ ਦਾ ਮੌਕਾ ਦੇਵੇਗੀ ਅਤੇ ਉਨ੍ਹਾਂ ਨੂੰ ਇਹ ਵੀ ਭਰੋਸਾ ਹੈ ਕਿ ਕਮੇਟੀ ਇਸ ਪਾਵਨ ਸ਼ੋਧ ਚਾਰ ਪੜ੍ਹਾਈ ਦੇ ਹਿੱਤ ਵਿੱਚ ਬਿਹਤਰ ਕੰਮ ਕਰੇਗੀ! ਇਸ ਮੌਕੇ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਨੂੰ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ!
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jalandhar