• Home
 • »
 • News
 • »
 • punjab
 • »
 • FORMER EDUCATION MINISTER MALUKA INVITES SISODIA TO VISIT RAMPURA SCHOOL

ਸਾਬਕਾ ਸਿੱਖਿਆ ਮੰਤਰੀ ਮਲੂਕਾ ਨੇ ਸਿਸੋਦੀਆ ਨੂੰ ਰਾਮਪੁਰਾ ਦੇ ਸਕੂਲ ਦੇਖਣ ਦਾ ਦਿੱਤਾ ਸੱਦਾ

 • Share this:
  Suraj Bhan

  ਪੰਜਾਬ ਅਤੇ ਦਿੱਲੀ ਦੇ ਸਿੱਖਿਆ ਢਾਂਚੇ ਅਤੇ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸੂਬੇ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵਿਚਾਲੇ ਚੱਲ ਰਹੇ ਮੁਕਾਬਲੇ ਵਿੱਚ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਕੁੱਦ ਪਏ ਹਨ l

  ਮਲੂਕਾ ਨੇ ਚੁਣੌਤੀ ਦਿੱਤੀ ਕਿ ਜੇਕਰ ਦਿੱਲੀ ਦੇ ਸਿੱਖਿਆ ਮੰਤਰੀ ਦੋਨਾਂ ਸੂਬਿਆਂ ਦੇ ਸਿੱਖਿਆ ਢਾਂਚੇ ਅਤੇ ਸਕੂਲਾਂ ਦੀ ਕਾਰਗੁਜ਼ਾਰੀ ਦੀ ਤੁਲਨਾ ਕਰਨਾ ਚਾਹੁੰਦੇ ਹਨ ਤਾਂ ਮੈਂ ਉਨ੍ਹਾਂ ਨੂੰ ਹਲਕਾ ਰਾਮਪੁਰਾ ਫੂਲ ਦੇ ਸਕੂਲ ਵੇਖਣ ਆਉਣ ਦਾ ਸੱਦਾ ਦਿੰਦਾ ਹਾਂ l ਮਲੂਕਾ ਨੇ ਦਾਅਵਾ ਕੀਤਾ ਕਿ ਸ੍ਰੀ ਸਿਸੋਦੀਆ ਦਿੱਲੀ ਦੇ ਸਭ ਤੋਂ ਬਿਹਤਰ ਸਕੂਲ ਦੀ ਪਿਛਲੇ 10 ਸਾਲਾਂ ਦੀ ਕਾਰਗੁਜ਼ਾਰੀ ਦੇ ਆਂਕੜੇ ਨਾਲ ਲੈ ਕੇ ਆਉਣ ਤੇ ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਲ ਤੁਲਨਾ ਕਰਨ l

  ਮਲੂਕਾ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਤੇ ਮੈਟਰੋ ਸ਼ਹਿਰ ਹੈ ਪਰ ਫਿਰ ਵੀ ਮੇਰੇ ਪਿੰਡ ਦੇ ਸਕੂਲ ਦੀ ਕਾਰਗੁਜ਼ਾਰੀ ਹਰ ਪੱਖੋਂ ਦਿੱਲੀ ਦੇ ਸਭ ਤੋਂ ਬਿਹਤਰ ਸਕੂਲ ਨਾਲੋਂ ਵੀ ਕਈ ਗੁਣਾ ਬਿਹਤਰ ਹੋਵੇਗੀ l ਮਲੂਕਾ ਦੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਤੀਜੇ 100 ਪ੍ਰਤੀਸ਼ਤ ਰਹਿੰਦੇ ਹਨ, ਸਾਡੇ ਸਕੂਲ ਦਾ ਕੋਈ ਵੀ ਬੱਚਾ ਫਸਟ ਡਿਵੀਜ਼ਨ ਤੋਂ ਘੱਟ ਪਾਸ ਨਹੀਂ ਹੁੰਦਾ ਤੇ ਵੱਡੀ ਗਿਣਤੀ ਵਿੱਚ ਬੱਚੇ ਮੈਰਿਟ ਲਿਸਟ ਵਿੱਚ ਸ਼ਾਮਲ ਹੁੰਦੇ ਹਨ l ਇਸ ਤੋਂ ਇਲਾਵਾ ਸਕੂਲ ਵਿੱਚ ਕਬੱਡੀ ਅਤੇ ਜਿਮਨਾਸਟਿਕ ਲਈ ਸਪੋਰਟਸ ਵਿੰਗ ਬਣਾਏ ਗਏ ਹਨ l

  ਪੜ੍ਹਾਈ ਦੇ ਨਾਲ ਨਾਲ ਸਕੂਲ ਦੇ ਬੱਚੇ ਖੇਡਾਂ ਵਿੱਚ ਵੀ ਹਮੇਸ਼ਾ ਵੱਡੀਆਂ ਮੱਲਾਂ ਮਾਰਦੇ ਹਨ l ਮਲੂਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿੱਖਿਆ ਮੰਤਰੀ ਹੁੰਦੇ ਹੋਏ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਠੋਸ ਉਪਰਾਲੇ ਕੀਤੇ ਸਨ l

  ਸਕੂਲਾਂ ਵਿੱਚ ਸਿੱਖਿਆ ਦਾ ਸੁਖਾਵਾਂ ਮਾਹੌਲ ਪੈਦਾ ਕਰਨ ਲਈ ਅਧਿਆਪਕ ਜਥੇਬੰਦੀਆਂ ਨਾਲ ਸਮੇਂ ਸਮੇਂ ਸਿਰ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਗੀਆਂ ਗਈਆਂ ਸਨ l ਸਕੂਲਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕੀਤੇ ਗਏ ਸਨ l ਸੂਬੇ ਵਿੱਚ ਸੱਤਾ ਦੀ ਤਬਦੀਲੀ ਤੋਂ ਬਾਅਦ ਕਾਂਗਰਸ ਸਰਕਾਰ ਦੇ ਸਿੱਖਿਆ ਮੰਤਰੀ ਇਸ ਮੁਹਿੰਮ ਨੂੰ ਜਾਰੀ ਨਹੀਂ ਰੱਖ ਸਕੇ l ਸੂਬੇ ਦੇ ਸਿੱਖਿਆ ਮੰਤਰੀ ਇਸੇ ਕਾਰਨ ਹੁਣ ਦਿੱਲੀ ਦੇ ਸਿੱਖਿਆ ਮੰਤਰੀ ਦਾ ਚੈਲੇਂਜ ਕਬੂਲ ਕਰਨ ਤੋਂ ਘਬਰਾ ਰਹੇ ਹਨ l

  ਉਨ੍ਹਾਂ ਕਿਹਾ ਕਿ ਉਹ ਪੰਜਾਬੀ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਵੱਲੋਂ ਵਾਰ ਵਾਰ ਦਿੱਲੀ ਮਾਡਲ ਦਾ ਢਿੰਡੋਰਾ ਪਿੱਟੇ ਜਾਣ ਦੀ ਸੱਚਾਈ ਲੋਕਾਂ ਸਾਹਮਣੇ ਨੰਗਾ ਕਰਨਾ ਚਾਹੁੰਦੇ ਹਨ l ਜੇਕਰ ਦਿੱਲੀ ਮਾਡਲ ਵਿੱਚ ਕੋਈ ਸੱਚਾਈ ਹੈ ਤਾਂ ਸਿਸੋਦੀਆ ਉਨ੍ਹਾਂ ਦਾ ਚੈਲੇਂਜ ਕਬੂਲ ਕਰਨ ਤੇ ਮੀਡੀਆ ਦੀ ਮੌਜੂਦਗੀ ਵਿਚ ਆ ਕੇ ਮਲੂਕਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਖਣ l ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ, ਹਰਿੰਦਰ ਸਿੰਘ ਹਿੰਦਾ, ਮਹਿਰਾਜ ਗਗਨਦੀਪ ਸਿੰਘ, ਗਰੇਵਾਲ ਅਤੇ ਜ਼ਿਲਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ l
  Published by:Gurwinder Singh
  First published: