ਚੰਡੀਗੜ੍ਹ : ਹਵਾਲਾਤ ਵਿੱਚ ਬੰਦ ਪੰਜਾਬ ਦੇ ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਦੇ ਘੇਰੇ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਈਡੀ ਨੂੰ ਸਿੰਗਲਾ ਖ਼ਿਲਾਫ਼ ਐਫਆਈਆਰ ਦੀ ਕਾਪੀ ਮਿਲ ਗਈ ਹੈ, ਤਾਂ ਜੋ ਉਹ ਇਸ ਦੀ ਜਾਂਚ ਕਰ ਸਕੇ। ਈਡੀ ਦੇ ਸੂਤਰਾਂ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਤੋਂ ਉਨ੍ਹਾਂ ਨੂੰ ਉਪਲਬਧ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਸਿੰਗਲਾ ਦਾ ਮਾਮਲਾ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੀਆਂ ਧਾਰਾਵਾਂ ਅਧੀਨ ਆਉਂਦਾ ਹੈ, ਪਰ ਫਿਰ ਵੀ ਉਹ ਪਹਿਲਾਂ ਇਸਦੀ ਜਾਂਚ ਕਰਨਗੇ। ਸਟਿੰਗ ਆਪ੍ਰੇਸ਼ਨ ਦੌਰਾਨ ਰਿਕਾਰਡ ਕੀਤੀ ਇੱਕ ਆਡੀਓ ਕਲਿੱਪ, ਜਿਸ ਵਿੱਚ ਸਿੰਗਲਾ ਦੇ ਵਿਸ਼ੇਸ਼ ਅਧਿਕਾਰੀ (ਓਐਸਡੀ) ਨੂੰ ਪ੍ਰਵਾਨਿਤ ਸਰਕਾਰੀ ਟੈਂਡਰਾਂ 'ਤੇ "ਸ਼ੁਕਰਾਨਾ" (ਕਮਿਸ਼ਨ) ਦੀ ਮੰਗ ਕਰਦੇ ਸੁਣਿਆ ਗਿਆ ਸੀ, ਜਾਂਚ ਲਈ ਅਹਿਮ ਸਬੂਤ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਈਡੀ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਕਰ ਇਸ ਆਡੀਓ ਕਲਿੱਪ ਵਿੱਚ ਦੱਸੇ ਗਏ ਕਿਸੇ ਵੀ ਠੇਕੇਦਾਰ ਨੂੰ ਸਰਕਾਰੀ ਠੇਕੇ ਦੇਣ ਦੇ ਬਦਲੇ ਵਿੱਚ ਪੈਸਾ ਕਮਾਇਆ ਜਾ ਰਿਹਾ ਹੈ ਤਾਂ ਈਡੀ ਵੱਲੋਂ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਸਕਦੀ ਹੈ।
ਸਿੰਗਲਾ ਨੂੰ ਈਡੀ ਦੇ ਨਿਸ਼ਾਨੇ 'ਤੇ ਆਉਣ ਦੀ ਗੱਲ ਕਰਦਿਆਂ, ਈਡੀ ਦੇ ਸੂਤਰਾਂ ਨੇ ਹਾਲ ਹੀ ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਇੱਕ ਮਾਮਲੇ ਦਾ ਹਵਾਲਾ ਦਿੱਤਾ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ 'ਤੇ ਈਡੀ ਨੇ ਪੀਐਮਐਲਏ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਈਡੀ ਦੇ ਸੂਤਰਾਂ ਨੇ ਦੱਸਿਆ ਕਿ 2018 ਵਿੱਚ ਦਰਜ ਕੀਤੀ ਗਈ ਐਫਆਈਆਰ ਵਿੱਚ ਹਨੀ ਦਾ ਨਾਂ ਵੀ ਨਹੀਂ ਸੀ। ਪਰ ਫਿਰ ਵੀ ਹਨੀ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਉਸਦੇ ਸਾਥੀ ਕੁਦਰਤਦੀਪ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਪੀ.ਐਮ.ਐਲ.ਏ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ
ਹਨੀ ਦੇ ਟਿਕਾਣਿਆਂ 'ਤੇ ਈਡੀ ਦੀ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਰਕਮ ਬਰਾਮਦ ਹੋਈ ਸੀ। ਹਨੀ ਨੇ ਬਾਅਦ ਵਿਚ ਈਡੀ ਦੇ ਸਾਹਮਣੇ ਮੰਨਿਆ ਕਿ ਉਸ ਨੇ ਇਹ ਪੈਸਾ ਗੈਰ-ਕਾਨੂੰਨੀ ਰੇਤ ਮਾਈਨਿੰਗ ਅਤੇ ਅਧਿਕਾਰੀਆਂ ਦੇ ਤਬਾਦਲੇ ਰਾਹੀਂ ਕਮਾਇਆ ਸੀ। ਹੁਣ ਸਿੰਗਲਾ ਦੇ ਮਾਮਲੇ ਵਿੱਚ ਵੀ ਮੰਤਰੀ ਦੇ ਓ.ਐਸ.ਡੀ ਨੇ ਠੇਕੇਦਾਰ ਤੋਂ ਕਰੋੜਾਂ ਰੁਪਏ ਦੀ ਮੋਟੀ ਰਕਮ ਦੀ ਮੰਗ ਕੀਤੀ ਸੀ ਅਤੇ ਸੌਦਾ 5 ਲੱਖ ਰੁਪਏ ਵਿੱਚ ਹੋ ਗਿਆ ਸੀ ਅਤੇ ਇਸ ਤਰ੍ਹਾਂ ਪੈਸੇ ਇਕੱਠੇ ਕਰਨਾ ਪੀਐਮਐਲਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਜਾਂਚ ਲਈ ਢੁਕਵਾਂ ਮਾਮਲਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corruption, Dr Vijay Singla