ਅੰਮ੍ਰਿਤਸਰ : ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦਾ ਅੱਧੀ ਰਾਤ ਨੂੰ ਅੰਤਿਮ ਸਸਕਾਰ ਕੀਤਾ ਗਿਆ। ਦੇਰ ਰਾਤ ਪੋਸਟਮਾਰਟਮ ਦੇ ਬਾਅਦ ਪਰਿਵਾਰਾਂ ਨੂੰ ਲਾਸ਼ਾਂ ਸੌਂਪੀਆਂ ਗਈਆਂ ਸਨ। ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਦੀ ਲਾਸ਼ ਨੂੰ ਮੋਗਾ ਵਿੱਚ ਪੈਂਦੇ ਕੁੱਸਾ ਪਿੰਡ ਲਿਜਾਇਆ ਗਿਆ ਅਤੇ ਪਰਿਵਾਰ ਨੇ ਤੜਕੇ 3 ਵਜੇ ਦੇ ਕਰੀਬ ਸਸਕਾਰ ਕਰ ਦਿੱਤਾ।
ਉੱਧਰ ਦੂਜੇ ਸ਼ੂਟਰ ਜਗਰੂਪ ਰੂਪਾ ਦਾ ਵੀ ਤਰਨਤਾਰਨ ਦੇ ਪਿੰਡ ਜੌੜਾ ਵਿੱਚ ਸਸਕਾਰ ਕੀਤਾ ਗਿਆ। ਦੋਹਾਂ ਸ਼ੂਟਰਾਂ ਦਾ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦੇਰ ਰਾਤ ਪੋਸਟਮਾਰਟਮ ਕੀਤਾ ਗਿਆ ਸੀ। ਜਿਸ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਸੀ। ਦੋਹਾਂ ਗੈਂਗਸਟਰਾਂ ਦਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭਕਨਾ ਨੇੜੇ ਐਨਕਾਊਂਟਰ ਕੀਤਾ ਗਿਆ ਸੀ। ਦੋਵੇਂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਸਨ। ਮਨੂੰ ਕੁੱਸਾ ਗੋਲਡੀ ਬਰਾੜ ਦਾ ਸਭ ਤੋਂ ਭਰੋਸੇਮੰਦ ਸ਼ੂਟਰ ਸੀ ਅਤੇ ਉਸੇ ਨੇ ਹੀ ਮੂਸੇਵਾਲਾ ਤੇ ਸਭ ਤੋਂ ਪਹਿਲੀ ਗੋਲੀ ਚਲਾਈ ਸੀ।
ਐਨਕਾਊਂਟਰ ਵਾਲੀ ਹਵੇਲੀ ਤੋਂ ਹੋਰ ਅਸਲਾ ਅਤੇ ਸ਼ੂਟਰਾਂ ਦੇ ਕੱਪੜੇ ਬਰਾਮਦ ਕੀਤੇ ਗਏ। ਫੋਰੈਂਸਿਕ ਟੀਮ ਨੇ ਕੱਲ੍ਹ 14 ਘੰਟੇ ਤੱਕ ਜਾਂਚ ਕੀਤੀ। ਮਕਾਨ ਦੇ ਇੱਕ ਕਿੱਲੋਮੀਟਰ ਤੱਕ ਦਾ ਇਲਾਕਾ ਅਜੇ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ।
ਪੁਲਿਸ ਨੇ ਸ਼ੂਟਰਾਂ ਦੇ ਉਂਗਲੀਆਂ ਦੇ ਨਿਸ਼ਾਨ ਲਏ ਹਨ। ਪੁਲਿਸ ਇੰਟੀਗ੍ਰੇਟਿਡ ਸਿਸਟਮ ਜ਼ਰੀਏ ਮਨੂੰ ਕੁੱਸਾ ਤੇ ਜਗਰੂਪ ਰੂਪਾ ਦੀ ਕ੍ਰਾਈਮ ਕੁੰਡਲੀ ਖੰਗਾਲੇਗੀ। ਕਈ ਅਹਿਮ ਸੁਰਾਗ ਹੱਥ ਲੱਗ ਸਕਦੇ ਹਨ। ਪਤਾ ਲਗਾਇਆ ਜਾਵੇਗਾ ਕਿ ਦੋਹਾਂ ਗੈਂਗਸਟਰਾਂ ਤੇ ਦੇਸ਼ ਚ ਕਿੱਥੇ ਅਤੇ ਕਿਹੜੇ ਕੇਸ ਦਰਜ ਹਨ।
ਗੈਂਗਸਟਰਾਂ ਨੂੰ ਹਵੇਲੀ ਵਿੱਚ ਛੱਡ ਕੇ ਜਾਣ ਵਾਲੀ ਥਾਰ ਦੀ ਤਲਾਸ਼ ਹੈ। ਸੂਬੇ ਭਰ ਵਿੱਚ ਪੁਲਿਸ ਟੀਮਾਂ ਮੁਸਤੈਦ ਹਨ। ਐਨਕਾਊਂਟਰ ਤੋਂ ਇੱਕ ਦਿਨ ਪਹਿਲਾਂ ਹੀ ਮਨੂੰ ਕੁੱਸਾ ਤੇ ਰੂਪਾ ਨੂੰ ਥਾਰ ਗੱਡੀ ਹਵੇਲੀ ਵਿੱਚ ਛੱਡ ਕੇ ਗਈ ਸੀ।
ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਹੁਣ ਸ਼ੂਟਰ ਦੀਪਕ ਮੁੰਡੀ ਫਰਾਰ ਹੈ। 3 ਗ੍ਰਿਫ਼ਤਾਰ ਅਤੇ ਦੋ ਸ਼ੂਟਰਾਂ ਦਾ ਐਨਕਾਊਂਟਰ ਹੋ ਚੁੱਕਿਆ ਹੈ। ਮਾਨਸਾ ਦੇ ਐਸਐਸਪੀ ਨੇ ਕਿਹਾ ਕਿ ਦੀਪਕ ਮੁੰਡੀ ਬਾਰੇ ਸਾਡੇ ਕੋਲ ਵੱਡੀ ਲੀਡ ਹੈ।
ਮੂਸੇਵਾਲਾ ਕਤਲਕਾਂਡ ਵਿੱਚ ਬੋਲੈਰੋ ਅਤੇ ਕੋਰੋਲਾ ਮਡਿਊਲ ਦੀ ਵਰਤੋਂ ਕੀਤੀ ਗਈ ਸੀ। ਦੀਪਕ ਮੁੰਡੀ ਬੋਲੈਰੋ ਮਡਿਊਲ ਦਾ ਹਿੱਸਾ ਸੀ, ਜਿਸ ਦੀ ਅਗਵਾਈ ਹਰਿਆਣਾ ਦੇ ਸ਼ਾਰਪ ਸ਼ੂਟਰ ਪ੍ਰਿਅਵ੍ਰਤ ਫੌਜੀ ਨੇ ਕੀਤੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਵੀ ਉਨ੍ਹਾਂ ਦੇ ਨਾਲ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਚਾਰੇ ਗੁਜਰਾਤ ਭੱਜ ਗਏ ਸਨ। ਸੇਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਉਦੋਂ ਤੱਕ ਮੁੰਡੀ ਉਸ ਨੂੰ ਵੀ ਛੱਡ ਚੁੱਕਾ ਸੀ। ਐਨਕਾਉਂਟਰ ਚ ਢੇਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੋਵੇਂ ਕਰੋਲਾ ਗੈਂਗ ਦਾ ਹਿੱਸਾ ਸਨ।
ਹੁਣ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਹਨ। ਪਾਕਿਸਤਾਨ ਨੰਬਰ ਤੋਂ ਧਮਕੀ ਭਰੇ ਕਾਲ ਅਤੇ ਮੈਸੇਜ ਆ ਰਹੇ ਹਨ, ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪਾਕਿਸਤਾਨ ਨੰਬਰ ਅਤੇ ਇੰਸਟਾਗ੍ਰਾਮ 'ਤੇ ਧਮਕੀਆਂ ਮਿਲ ਰਹੀਆਂ ਹਨ। ਪਾਕਿਸਤਾਨ ਤੋਂ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਅਗਲਾ ਨੰਬਰ ਤੁਹਾਡਾ ਹੈ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਸਿੱਧੂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾਵਾਂ ਦਿੰਦੇ ਰਹਿਣਗੇ, ਬੇਸ਼ੱਕ ਕਾਤਲ ਉਸ ਦੀ ਜਾਨ ਕਿਉਂ ਨਾ ਲੈ ਲੈਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Gangsters, Moga, Punjab Police, Sidhu moosewala murder update, Tarn taran