ਗਿੱਦੜਬਾਹਾ ਪੁਲੀਸ ਥਾਣੇ ਦੇ ਐਸਐਚਓ ਮਨਿੰਦਰ ਸਿੰਘ ਤੇ ਸਾਬਕਾ ਫੌਜੀ ਨੇ ਗੰਭੀਰ ਆਰੋਪ ਲਗਾਏ ਹਨ । ਮਿਲੀ ਜਾਣਕਾਰੀ ਦੇ ਮੁਤਾਬਿਕ ਅਵਤਾਰ ਸਿੰਘ ਸਾਬਕਾ ਫੌਜੀ ਨੇ ਐਸ.ਡੀ.ਐਮ. ਗਿੱਦੜਬਾਹਾ ਗਗਨਦੀਪ ਸਿੰਘ ਨੂੰ ਸ਼ਿਕਾਇਤ ਦੇ ਕੇ ਥਾਣਾ ਗਿੱਦੜਬਾਹਾ ਮੁਖੀ ਮਨਿੰਦਰ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਆਪਣੀ ਲਿਖਤੀ ਸ਼ਿਕਾਇਤ ਵਿੱਚ ਅਵਤਾਰ ਸਿੰਘ ਨੇ ਦੱਸਿਆ ਕਿ ਮਿਤੀ 9 ਫਰਵਰੀ 2022 ਨੂੰ ਉਹ ਪਿੰਡ ਦੀ ਪੰਚਾਇਤ ਨਾਲ ਪਿੰਡ ਨਾਲ ਸਬੰਧਤ ਇਕ ਮਾਮਲੇ ਵਿੱਚ ਥਾਣਾ ਗਿੱਦੜਬਾਹਾ ਗਿਆ ਅਤੇ ਥਾਣਾ ਮੁਖੀ ਨਾਲ ਮਾਮਲੇ ਦੇ ਸਬੰਧ ਵਿੱਚ ਲੋੜੀਂਦੇ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਬੇਨਤੀ ਕੀਤੀ ਤਾਂ ਥਾਣਾ ਮੁਖੀ ਤੈਸ਼ ਵਿੱਚ ਆ ਗਿਆ ਅਤੇ ਮੈਨੂੰ ਗਾਲ੍ਹਾ ਕੱਢਣ ਅਤੇ ਧਮਕਾਉਣ ਲੱਗਾ ਅਤੇ ਆਪਣੇ ਕਰਮਚਾਰੀਆਂ ਨੂੰ ਮੇਰੀ ਕੁੱਟਮਾਰ ਲਈ ਡਾਂਗਾ ਲਿਆਉਣ ਦੇ ਹੁਕਮ ਵੀ ਦਿੱਤੇ। ਅਵਤਾਰ ਸਿੰਘ ਨੇ ਕਿਹਾ ਕਿ ਉਸ ਨੇ ਥਾਣਾ ਮੁਖੀ ਨੂੰ ਦੱਸਿਆ ਕਿ ਉਹ ਜੀ.ਓ.ਜੀ. ਹੈ ਅਤੇ ਸਰਕਾਰ ਵੱਲੋਂ ਉਸ ਦੀ ਡਿਊਟੀ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਲਗਾਈ ਗਈ ਹੈ ਪਰ ਥਾਣਾ ਮੁਖੀ ਨੇ ਮੈਨੂੰ ਜੂਠ ਅਤੇ ਮੇਰੇ ਬੱਚਿਆਂ ਨੂੰ ਬੇਵੜੇ ਕਹਿ ਕੇ ਸੰਬੋਧਨ ਕੀਤਾ ਅਤੇ ਪੰਚਾਇਤ ਨੂੰ ਧੱਕੇ ਮਾਰ ਕੇ ਥਾਣੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਥਾਣੇ ਦਾ ਗੇਟ ਬੰਦ ਕਰ ਦਿੱਤਾ।
ਅੱਜ ਸਮੂਹ ਜੀ.ਓ.ਜੀ. ਨੇ ਐਸ.ਡੀ.ਐਮ. ਨੂੰ ਲਿਖਤੀ ਸ਼ਿਕਾਇਤ ਦੇ ਕੇ ਥਾਣਾ ਮੁਖੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਐਸ.ਡੀ.ਐਮ. ਗਿੱਦੜਬਾਹਾ ਸ. ਗਗਨਦੀਪ ਸਿੰਘ ਨੇ ਮੌਕੇ ਤੇ ਹੀ ਮਾਮਲੇ ਦੀ ਜਾਂਚ ਡੀ.ਐਸ.ਪੀ. ਗਿੱਦੜਬਾਹਾ ਨੂੰ ਸੌਂਪ ਕੇ ਇਸ ਦੀ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ।ਅਵਤਾਰ ਸਿੰਘ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਕੋਈ ਵੀ ਉਨ੍ਹਾਂ ਦੀ ਸ਼ਿਕਾਇਤ ਤੇ ਕਾਰਵਾਈ ਨਹੀਂ ਕਰਦਾ ਤਾਂ ਉਹ ਥਾਣੇ ਦੇ ਸਾਹਮਣੇ ਆ ਕੇ ਖੁਦਕੁਸ਼ੀ ਕਰਨਗੇ
ਜਦ ਇਸ ਸਬੰਧੀ ਡੀ.ਐਸ.ਪੀ. ਗਿੱਦੜਬਾਹਾ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਐਸ.ਡੀ.ਐਮ. ਸਾਹਿਬ ਵੱਲੋਂ ਚਿੱਠੀ ਮੌਸੂਲ ਹੋਈ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਪੜਤਾਲ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda