Home /News /punjab /

ਸਰਕਾਰੀ ਸ਼ਰਤਾਂ ਮਨਜੂਰ ਨਹੀਂ; ਸਾਰੀਆਂ ਮੰਗਾਂ ਮੰਨਣ 'ਤੇ ਹੀ ਹੋਵੇਗੀ ਘਰ ਵਾਪਸੀ : ਕਿਸਾਨ ਆਗੂ

ਸਰਕਾਰੀ ਸ਼ਰਤਾਂ ਮਨਜੂਰ ਨਹੀਂ; ਸਾਰੀਆਂ ਮੰਗਾਂ ਮੰਨਣ 'ਤੇ ਹੀ ਹੋਵੇਗੀ ਘਰ ਵਾਪਸੀ : ਕਿਸਾਨ ਆਗੂ

ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇ ਬਕਾਇਆ ਕੇਸ ਤੁਰਤ ਕਲੀਅਰ ਦੇ ਆਦੇਸ਼ (ਫਾਇਲ ਫੋਟੋ)

ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇ ਬਕਾਇਆ ਕੇਸ ਤੁਰਤ ਕਲੀਅਰ ਦੇ ਆਦੇਸ਼ (ਫਾਇਲ ਫੋਟੋ)

  • Share this:

ਆਸ਼ੀਸ਼ ਸ਼ਰਮਾ

ਬਰਨਾਲਾ:  ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ, ਕਿਸਾਨਾਂ 'ਤੇ ਦਰਜ ਕੇਸ ਰੱਦ ਕਰਵਾਉਣ ਅਤੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚਲੀਆਂ ਬਾਕੀ ਮੰਨਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 434ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

ਅੱਜ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ  ਸੰਯੁਕਤ ਕਿਸਾਨ ਮੋਰਚੇ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਪਹਿਲਾਂ ਅੰਦੋਲਨ ਖਤਮ ਕਰਨ ਦੀ ਸ਼ਰਤ ਆਇਦ ਕਰਨ ਦਾ ਗੰਭੀਰ ਨੋਟਿਸ ਲਿਆ। ਆਗੂਆਂ ਨੇ ਕਿਹਾ ਕਿ  ਜੇਕਰ ਸਰਕਾਰ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ ਤਾਂ ਪਹਿਲਾਂ ਸਾਡੀਆਂ ਸਾਰੀਆਂ ਮੰਗਾਂ ਬਿਨਾਂ ਸ਼ਰਤ ਸਵੀਕਾਰ ਕਰੇ। ਸਾਨੂੰ ਸ਼ਰਤਾਂ ਸਹਿਤ ਮੰਗਾਂ ਮਨਵਾਉਣਾ ਮਨਜ਼ੂਰ ਨਹੀਂ। ਸਰਕਾਰ ਟਾਲ-ਮਟੋਲ ਦੀ ਨੀਤੀ ਤਿਆਗੇ ਕਿਉਂਕਿ ਅਸੀਂ ਹੁਣ ਇਸ ਦੀਆਂ ਚਾਲਾਂ ਵਿੱਚ ਨਹੀਂ ਆਵਾਂਗੇ ਅਤੇ ਸਪੱਸ਼ਟ ਰੂਪ ਵਿੱਚ ਸਾਰੀਆਂ ਮੰਗਾਂ ਮੰਨੇ ਬਾਅਦ ਹੀ ਘਰ ਵਾਪਸੀ ਹੋਵੇਗੀ।

ਅੱਜ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 436ਵਾਂ ਸ਼ਹੀਦੀ ਦਿਵਸ ਹੈ। ਗੁਰੂ ਜੀ ਨੂੰ ਸਮੇਂ ਦੇ ਧਾਰਮਿਕ ਕੱਟੜਪੰਥੀਆਂ ਨੇ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਨੇ ਇੱਕ ਫਿਰਕੇ ਦੀ ਧਾਰਮਿਕ  ਆਜਾਦੀ ਦੀ ਸੁਰੱਖਿਆ ਲਈ ਆਪਣੀ ਅਜ਼ੀਮ ਕੁਰਬਾਨੀ ਦਿੱਤੀ। ਗੁਰੂ ਜੀ ਦਾ ਸੰਦੇਸ਼ ਸੀ ਕਿ ਨਾ ਕਿਸੇ ਨੂੰ ਡਰਾਉਣਾ ਹੈ ਅਤੇ ਨਾ ਹੀ ਕਿਸੇ ਤੋਂ ਡਰਨਾ ਹੈ। ਆਗੂਆਂ ਨੇ ਕਿਹਾ ਕਿ ਸਾਨੂੰ ਗੁਰੂ ਜੀ ਦੇ ਫਲਸਫੇ ਨੂੰ ਆਪਣੀ ਜੀਵਨ ਜਾਚ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਬਿੱਕਰ ਸਿੰਘ ਔਲਖ, ਸਿਮਰਜੀਤ ਕੌਰ ਕਰਮਗੜ, ਜਸਪਾਲ ਚੀਮਾ, ਜਸਪਾਲ ਕੌਰ, ਨਛੱਤਰ ਸਿੰਘ ਸਾਹੌਰ,ਸਾਹਿਬ ਸਿੰਘ ਬਡਬਰ, ਗੁਰਮੇਲ ਸ਼ਰਮਾ, ਰਾਜਿੰਦਰ ਕੌਰ ਫਰਵਾਹੀ,ਮੇਲਾ ਸਿੰਘ ਕੱਟੂ,  ਐਨਐਚਐਮ ਆਗੂ ਅਮਨਦੀਪ ਕੌਰ, ਪ੍ਰੇਮਪਾਲ ਕੌਰ, ਬਾਰਾ ਸਿੰਘ ਬਦਰਾ  ਅਮਰਜੀਤ ਕੌਰ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਗੁਲਾਬੀ ਸੁੰਡੀ ਪੀੜਤ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦੀਆਂ ਖਬਰਾਂ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਕਿਸਾਨਾਂ ਦੀ ਬਾਂਹ ਨਹੀਂ ਫੜੀ ਜਿਸ ਕਾਰਨ ਉਹ ਮਾਯੂਸ ਹੋ ਗਏ ਹਨ ਪਰ ਖੁਦਕੁਸ਼ੀ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ। ਉਲਟਾ ਪਿੱਛੇ ਰਹਿ ਗਿਆ ਪਰਵਾਰ ਹੋਰ ਵੀ ਵੱਡੀ ਮੁਸੀਬਤ ਵਿੱਚ ਘਿਰ ਜਾਂਦਾ ਹੈ। ਆਗੂਆਂ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਲੜ ਲੱਗਣ ਦਾ ਸੱਦਾ ਦਿੱਤਾ। ਅੱਜ ਬੁਲਾਰਿਆਂ ਨੇ ਚੋਣਾਂ ਦੇ ਦਿਨਾਂ ਵਿੱਚ ਰਾਜਸੀ ਨੇਤਾਵਾਂ ਵੱਲੋਂ ਦਿਖਾਈਆਂ ਜਾ ਰਹੀਆਂ ਕਲਾਬਾਜ਼ੀਆਂ ਤੋਂ ਸਾਵਧਾਨ ਰਹਿਣ ਦਾ ਹੋਕਾ ਦਿੱਤਾ।

ਆਗੂਆਂ ਨੇ ਕਿਹਾ ਕਿ ਰਾਜਸੀ ਨੇਤਾ ਅਤਿ ਦੀ ਖੁਦਗਰਜੀ ਤੇ ਮੌਕਪ੍ਰਸਤੀ ਦਾ ਮੁਜਾਹਰਾ ਕਰਦੇ ਹੋਏ ਧੜਾਧੜ ਪਾਰਟੀਆਂ ਬਦਲ ਰਹੇ ਹਨ। ਇਨ੍ਹਾਂ ਨੇਤਾਵਾਂ ਦਾ ਲੋਕ ਸਰੋਕਾਰਾਂ ਨਾਲ ਕੋਈ ਵਾਹ-ਵਾਸਤਾ ਨਹੀਂ। ਸਾਨੂੰ ਆਪਣਾ ਜਥੇਬੰਦਕ ਏਕਾ ਇਨ੍ਹਾਂ ਨੇਤਾਵਾਂ ਦੀਆਂ ਚਾਲਾਂ ਤੋਂ  ਬਚਾ ਕੇ ਰੱਖਣਾ  ਪਵੇਗਾ। ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਗਾਈਣ ਕੀਤਾ, ਬਹਾਦਰ ਸਿੰਘ ਕਾਲਾ ਧਨੌਲਾ ਨੇ  ਕਿਸਾਨੀ ਸੰਘਰਸ਼ ਨਾਲ ਸਬੰਧਤ ਗੀਤ ਸੁਣਾਏ।

Published by:Gurwinder Singh
First published:

Tags: Bharti Kisan Union, Farmers Protest, Kisan andolan, Punjab farmers