ਜ਼ੀਰਾ : ਪਿਛਲੇ ਦਿਨੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਲਾਗਲੇ ਇੱਕ ਪਿੰਡ ਦੀ ਸਮਾਧ ਵਿੱਚ ਜਦੋਂ ਪਿੰਡ ਦੇ ਲੋਕ ਬੋਰ ਲਗਾ ਰਹੇ ਸਨ ਤਾਂ ਸਾਢੇ ਪੰਜ ਸੌ ਤੋਂ ਹੇਠਾਂ ਜਾਂਦਿਆਂ ਹੀ ਬਹੁਤ ਪ੍ਰਦੂਸ਼ਤ ਪਾਣੀ ਨਿਕਲਿਆ ਜੋ ਕਿ ਸ਼ਰਾਬ ਤੇ ਲਾਹਨ ਵਰਗਾ ਸੀ, ਜਿਸ ਨੂੰ ਵੇਖਦਿਆਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵਿੱਚ ਰੋਸ ਫੈਲ ਗਿਆ। ਇਸ ਤੇ ਲੋਕਾਂ ਨੇ ਇਕੱਠੇ ਹੋ ਕੇ ਮਤੇ ਪਾਏ ਅਤੇ ਇਹ ਮਾਮਲਾ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਪਿੰਡ ਦੇ ਲੋਕਾਂ ਅਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਸ਼ਰਾਬ ਫੈਕਟਰੀ ਮਾਲਬਰੋਜ ਮਨਸੂਰਵਾਲ (ਜੀਰਾ) ਅੱਗੇ ਦਿਨ ਰਾਤ ਦਾ ਪੱਕਾ ਧਰਨਾ ਲਗਾ ਦਿੱਤਾ ਜੋ ਕਿ ਅੱਜ ਚੋਥੇ ਦਿਨ ਵਿੱਚ ਪਹੁੰਚ ਗਿਆ।
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਦਾ ਸਾਂਝਾ ਬਿਆਨ ਜਾਰੀ ਕਰਦੇ ਹੋਏ ਡਾ ਜਰਨੈਲ ਸਿੰਘ ਪ੍ਰੈਸ ਸੈਕਟਰੀ ਪ੍ਰੈੱਸ ਬਿਆਨ ਜਾਰੀ ਕੀਤਾ ਜਿਸ ਵਿਚ ਕਿਹਾ ਕਿ ਫੈਕਟਰੀ 15 ਸਾਲ ਤੋ ਚੱਲ ਰਹੀ ਹੈ ਫੈਕਟਰੀ ਲਾਉਣ ਵੇਲੇ ਵੀ ਇਲਾਕੇ ਦੇ ਲੋਕਾਂ ਨੂੰ ਝੂਠ ਬੋਲ ਕੇ ਦਸਖ਼ਤ ਕਰਵਾਏ ਗਏ ਕਿ ਇਥੇ ਸ਼ਰਾਬ ਫੈਕਟਰੀ ਨਹੀ ਲਾਈ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਉਸ ਤੋ ਕਈ ਵਾਰ ਲੋਕਾਂ ਨੇ ਸ਼ਰਾਬ ਫੈਕਟਰੀ ਦਾ ਗੰਦਾ ਪਾਣੀ ਉਹਨਾਂ ਦੀਆਂ ਜਮੀਨਾਂ ਵਿੱਚ ਪਾਏ ਜਾਣ ਕਾਰਨ ਵਿਰੋਧ ਕੀਤਾ। ਫੈਕਟਰੀ ਵਿੱਚੋਂ ਹਰ ਰੋਜ ਨਿਕਲਣ ਵਾਲਾ 18 ਲੱਖ ਲਿਟਰ ਪ੍ਰਦੂਸ਼ਿਤ ਪਾਣੀ ਨਾਲ ਲੱਗਦੀ ਖੰਡ ਮਿਲ ਦੀ ਜਮੀਨ ਵਿੱਚ ਵੀ ਪਾਇਆ ਗਿਆ, ਜਿਸ ਕਾਰਨ 100 ਸਾਲ ਪੁਰਾਣੇ ਰੁੱਖ ਸੁਕ ਸੜ ਗਏ। ਉਥੇ ਵਿਰੋਧ ਹੋਣ ਤੋ ਬਾਅਦ ਇਹ ਪਾਣੀ ਨਾਲ ਲੱਗਦੇ ਸ਼ੇਮ ਨਾਲੇ ਵਿੱਚ ਪਾਇਆ ਜਾਣ ਲੱਗਾ ਜਿਸ ਕਾਰਨ ਇਲਾਕੇ ਵਿੱਚ ਬਦਬੋ ਫੈਲ ਗਈ ਤੇ ਲੋਕਾਂ ਦੇ ਵਿਰੋਧ ਨੇ ਫੈਕਟਰੀ ਦਾ ਪਾਣੀ ਸ਼ੇਮ ਨਾਲੇ ਵਿਚੋਂ ਵੀ ਬੰਦ ਕਰ ਦਿੱਤਾ।
ਆਗੂਆਂ ਨੇ ਕਿਹਾ ਕਿ ਇਸ ਤੋ ਗੰਦੇ ਪਾਣੀ ਦਾ ਨਿਪਟਾਰਾ ਕਰਨ ਲਈ ਫੈਕਟਰੀ ਵਿੱਚ ਕਈ ਬੋਰ ਕੀਤੇ ਤੇ ਪਾਣੀ ਧਰਤੀ ਹੇਠ ਪਾਇਆ ਜਾਣ ਲੱਗਾ। ਪਾਣੀ ਖੁਲੇ ਵਿੱਚ ਬੰਦ ਹੋਣ ਕਾਰਨ ਲੋਕ ਕੁਝ ਸਮੇ ਲਈ ਸ਼ਾਂਤ ਹੋ ਗਏ। ਦੁਆਰਾ ਇਹ ਮਸਲਾ ਕੁਝ ਮਹੀਨੇ ਪਹਿਲਾਂ ਪਿੰਡ ਮਨਸੂਰਵਾਲ ਦੇ 60 ਡੰਗਰ (ਮੱਝਾ, ਗਾਵਾਂ) ਦੇ ਮਰ ਜਾਣ ਨਾਲ ਸੁਰੂ ਹੋਇਆ , ਕਿਉਂਕਿ ਜਿਨ੍ਹਾਂ ਕਿਸਾਨਾਂ ਦੇ ਪਸੂ ਮਰੇ, ਉਹਨਾਂ ਦੀ ਜਮੀਨ ਫੈਕਟਰੀ ਦੇ ਨੇੜੇ ਸੀ ਤੇ ਫੈਕਟਰੀ ਦੀ ਚਿਮਨੀ ਵਿੱਚੋਂ ਨਿਕਲਣ ਵਾਲੀ ਸੁਵਾਹ ਹਰੇ ਚਾਰੇ ਤੇ ਪੈਣ ਕਾਰਨ ਹਰਾ ਚਾਰਾ ਜਹਿਰਿਲਾ ਹੋ ਗਿਆ। ਪਰ ਫੈਕਟਰੀ ਮਾਲਕਾਂ ਨੇ 10 ਲੱਖ ਰੁਪਏ ਉਹਨਾਂ ਕਿਸਾਨਾਂ ਨੂੰ ਵੰਡਕੇ ਚੁਪ ਕਰਾ ਦਿੱਤਾ।
ਤਾਜੀ ਘਟਨਾ ਨਾਲ ਲੱਗਦੇ ਪਿੰਡ ਮਹੀਆਂਵਾਲਾ ਕਲਾ ਵਿੱਚ ਹੋਈ ਜਿਥੇ ਭਗਤ ਬਾਬਾ ਦੁਨੀ ਚੰਦ ਦੀ ਸਮਾਧ ਤੇ ਬੋਰ ਕਰਦੇ ਸਮੇ 550 ਫੁੱਟ ਤੋ 650 ਫੁੱਟ ਤੱਕ ਧਰਤੀ ਹੇਠਲਾ ਪਾਣੀ ਤੇ ਰੇਤੇ ਨਾਲ ਸ਼ਰਾਬ ਤੇ ਲਾਹਨ ਵਰਗਾ ਪਦਾਰਥ ਨਿਕਲਿਆ, ਜਿਸ ਨੂੰ ਦੇਖ ਕੇ ਪਿੰਡ ਵਾਸੀਆਂ ਤੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਹੋਲ ਬਣ ਗਿਆ। ਆਪਣਾ ਧਰਤੀ ਹੇਠਲਾ ਪਾਣੀ ਖਰਾਬ ਹੋਇਆ ਦੇਖ ਇਲਾਕੇ ਦੇ ਲੋਕ ਲਾਮਬੰਦ ਹੋ ਕੇ ਕਿਸਾਨ ਜਥੇਬੰਦੀ ਦੀ ਹਮਾਇਤ ਨਾਲ ਲੜਨ ਲਈ ਤਿਆਰ ਹੋ ਗਏ ਤੇ ਇੱਕੋ ਮੰਗ ਫੈਕਟਰੀ ਬੰਦ ਕਰਵਾਉਣ ਨੂੰ ਲੈ ਕੇ ਫੈਕਟਰੀ ਦੇ ਗੇਟ ਅੱਗੇ ਪੱਕਾ ਮੋਰਚਾ ਲਾ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਬੇਸੱਕ ਪੁਲਿਸ ਪ੍ਰਸ਼ਾਸਨ ਵੱਲੋ ਕਮੇਟੀ ਦੇ ਆਗੂਆਂ ਨੂੰ ਧਮਕਾਇਆ ਜਾ ਰਿਹਾ ਹੈ ਪਰ ਲੋਕ ਅਡੋਲ ਖੜੇ ਲੜ ਰਹੇ ਹਨ। ਬਿਆਨ ਦੇ ਅੰਤ ਵਿੱਚ ਦੋਵਾਂ ਆਗੂਆਂ ਨੇ ਪੰਜਾਬ ਦੀਆਂ ਜਮਹੂਰੀ ਤੇ ਇਨਸਾਫ਼ਪਸੰਦ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਭਰਾਤਰੀ ਜਥੇਬੰਦੀਆਂ ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਧਰਨੇ ਨੂੰ ਮਜ਼ਬੂਤ ਬਣਾਉਣ । ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਉ ਜਲਦ ਤੋਂ ਜਲਦ ਅਜਿਹੀਆਂ ਫੈਕਟਰੀਆਂ ਨੂੰ ਬੰਦ ਕਰੇ ਜਿਹੜੀਆਂ ਆਉਣ ਵਾਲੇ ਭਵਿੱਖ ਲਈ ਬਹੁਤ ਖ਼ਤਰਨਾਕ ਸਿੱਧ ਹੋਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers Protest, Ferozpur