ਜਤਿਨ ਸ਼ਰਮਾ, ਗੁਰਦਾਸਪੁਰ:
ਵਿਦੇਸ਼ੀ ਜਾ ਕੇ ਪੈਸੇ ਕਮਾਉਣ ਦੀ ਚਾਹ ਹਰ ਦੂਜੇ ਪੰਜਾਬੀ ਨੂੰ ਹੁੰਦੀ ਹੈ, ਪਰ ਕਈ ਵਾਰ ਵਿਦੇਸ਼ ਗਏ ਪੰਜਾਬੀਆਂ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਦੀ ਇੱਕ ਖ਼ਬਰ ਸਾਹਮਣੇ ਆਈ ਹੈ ਗੁਰਦਾਸਪੁਰ ਤੋਂ, ਜਿੱਥੇ ਦੇ ਪਿੰਡ ਹਵੇਲੀ ਦਾ 42 ਸਾਲਾ ਵਿਅਕਤੀ ਘਰ ਦੀ ਗਰੀਬੀ ਦੂਰ ਕਰਨ ਲਈ ਫ਼ਰਾਂਸ ਜਾ ਵੱਸਿਆ। ਜਿਸ ਦੀ ਬੀਤੇ ਦਿਨ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ।42 ਸਾਲਾ ਰਾਜਿੰਦਰ ਸਿੰਘ ਪਿਛਲੇ 20 ਸਾਲਾਂ ਤੋਂ ਫ਼ਰਾਂਸ ਦੇ ਪੈਰਿਸ ਸ਼ਹਿਰ ਵਿੱਚ ਰਹਿ ਕੇ ਕੰਮ ਕਰ ਰਿਹਾ ਸੀ ਅਤੇ ਵੀਰਵਾਰ ਨੂੰ ਅਚਾਨਕ ਉਸ ਦੇ ਪਰਿਵਾਰ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਪਿਛਲੇ ਕਰੀਬ 20-21 ਸਾਲਾਂ ਤੋਂ ਫ਼ਰਾਂਸ ਦੇ ਸ਼ਹਿਰ ਪੈਰਿਸ ਵਿੱਚ ਰਹਿ ਰਿਹਾ ਸੀ।ਜਿਸਨੇ ਦਿਸੰਬਰ ਮਹੀਨੇ ਭਾਰਤ ਆਪਣੇ ਘਰ ਆਉਣ ਵਾਲਾ ਸੀ। ਰਾਜਿੰਦਰ ਤਾਂ ਘਰ ਨਹੀਂ ਪਰਤ ਸਕਿਆ, ਪਰ ਉਸ ਦੀ ਮੌਤ ਦੀ ਖ਼ਬਰ ਉਸ ਦੇ ਪਰਿਵਾਰ ਤੱਕ ਪਹੁੰਚ ਗਈ। ਅਚਾਨਕ ਮੌਤ ਦੀ ਖਬਰ ਸੁਣਦੇ ਹੀ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਉਸਦਾ ਅੰਤਮ ਸੰਸਕਾਰ ਆਪਣੇ ਪਿੰਡ ਵਿੱਚ ਕਰ ਸਕਣ ਅਤੇ ਉਨ੍ਹਾਂ ਨੇ ਰਾਜਿੰਦਰ ਦੀ ਮੌਤ ਦੇ ਕਾਰਨਾਂ ਦੀ ਜਾਂਚ ਫ਼ਰਾਂਸ ਸਰਕਾਰ ਤੋਂ ਕਰਾਉਣ ਦੀ ਵੀ ਗੁਹਾਰ ਲਗਾਈ ਹੈ।
ਉੱਧਰ ਰਾਜਿੰਦਰ ਦੀ ਮੌਤ ਦੀ ਖ਼ਬਰ ਆਉਂਦੇ ਹੀ ਉਸ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ।ਪਰਿਵਾਰਕ ਮੈਬਰਾਂ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਮਦਦ ਦੀ ਗੁਹਾਰ ਲਗਾਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।