
ਮਾਤਾ ਗੁਜ਼ਰ ਕੌਰ ਅਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੁਰਮਤਿ ਚੇਤਨਾ ਮਾਰਚ ਕੱਢਿਆ
Munish Garg
ਤਲਵੰਡੀ ਸਾਬੋ - ਚਮਕੌਰ ਦੀ ਜੰਗ ਦੌਰਾਨ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ,ਸਰਸਾ ਨਦੀ ਪਾਰ ਕਰਦਿਆਂ ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਵਿਛੜ ਜਾਣਾ ਅਤੇ ਫਿਰ ਸਰਹਿੰਦ ਦੇ ਨਵਾਬ ਵੱਲੋਂ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਦੇ ਨਾਲ ਨਾਲ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਤੋਂ ਅਜੋਕੀ ਪੀੜੀ ਨੂੰ ਜਾਣੂੰ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਅਦਾਰਿਆਂ ‘ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ’ ਅਤੇ ‘ਮਾਤਾ ਸਾਹਿਬ ਕੌਰ ਗਰਲਜ਼ ਕਾਲਜ’ ਦੇ ਵਿਦਿਆਰਥੀਆਂ ਨੇ ਅੱਜ ਨਗਰ ਅੰਦਰ ਗੁਰਮਤਿ ਚੇਤਨਾ ਮਾਰਚ ਕੱਢਿਆ।
ਗੁਰਮਤਿ ਕਾਲਜ ਦੇ ਪ੍ਰਬੰਧਕਾਂ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੱਚਿਆਂ ਦੇ ਨਾਲ ਨਾਲ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜੀ ਨੂੰ ਮਾਤਾ ਗੁਜ਼ਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਜਾਣੂੰ ਕਰਵਾਉਣ ਦੇ ਮਨੋਰਥ ਨਾਲ ਉਕਤ ‘ਗੁਰਮਤਿ ਚੇਤਨਾ ਮਾਰਚ’ ਕੱਢਿਆ ਗਿਆ।ਉਕਤ ਮਾਰਚ ਵਿੱਚ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।ਰਵਾਨਗੀ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਵਿਦਿਆਰਥੀਆਂ ਨੂੰ ਚਮਕੌਰ ਦੀ ਜੰਗ ਦੇ ਉਨਾਂ ਪਹਿਲੂਆਂ ਤੋਂ ਜਾਣੂੰ ਕਰਵਾਇਆ ਜੋ ਜ਼ਿਆਦਾਤਰ ਅਣਛੂਹੇ ਰਹਿ ਜਾਂਦੇ ਹਨ।ਗੁਰਮਤਿ ਕਾਲਜ ਦੇ ਪ੍ਰਿੰਸੀਪਲ ਭਾਈ ਰਵਿੰਦਰ ਸਿੰਘ ਨੇ ਅਜਿਹੇ ਮਾਰਚ ਕੱਢੇ ਜਾਣ ਨੂੰ ਸਮੇਂ ਦੀ ਲੋੜ ਦੱਸਿਆ।ਉਕਤ ਮਾਰਚ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਅਤੇ ਵਾਰਡਾਂ ਵਿੱਚੋਂ ਹੁੰਦਾ ਹੋਇਆ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਸੰਪੰਨ ਹੋਇਆ।
ਇਸ ਮੌਕੇ ਭਾਈ ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਸਬ ਆਫਿਸ, ਭਾਈ ਮੇਜਰ ਸਿੰਘ ਮੀਤ ਮੈਨੇਜਰ ਤਖਤ ਸਾਹਿਬ, ਗਿਆਨੀ ਕੇਵਲ ਸਿੰਘ, ਗਿਆਨੀ ਗੁਰਵਿੰਦਰ ਸਿੰਘ, ਡਾ.ਸਤਿੰਦਰ ਕੌਰ ਮਾਨ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤੋਂ ਇਲਾਵਾ ਦੋਵਾਂ ਕਾਲਜਾਂ ਦੇ ਸਟਾਫ ਨੇ ਵੀ ਹਾਜ਼ਿਰੀ ਲਵਾਈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।