Home /News /punjab /

ਮੀਤ ਹੇਅਰ ਵੱਲੋਂ ਸੂਬੇ ਦੀਆਂ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕਰਨ ਦਾ ਸੱਦਾ

ਮੀਤ ਹੇਅਰ ਵੱਲੋਂ ਸੂਬੇ ਦੀਆਂ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕਰਨ ਦਾ ਸੱਦਾ

ਮੀਤ ਹੇਅਰ  (file photo)

ਮੀਤ ਹੇਅਰ (file photo)

ਯੁਵਕ ਸੇਵਾਵਾਂ ਵਿਭਾਗ ਵੱਲੋਂ ਕਲੱਬਾਂ ਦੀਆਂ ਗਤੀਵਿਧੀਆਂ ਲਈ 1.50 ਕਰੋੜ ਰੁਪਏ ਦੀ ਰਾਸ਼ੀ ਜਾਰੀ

  • Share this:

ਚੰਡੀਗੜ੍ਹ- ਪੰਜਾਬ ਦੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਦੀਆਂ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕਰਕੇ ਜ਼ਮੀਨੀ ਪੱਧਰ ਉਤੇ ਆਪਣੀਆਂ ਗਤੀਵਿਧੀਆਂ ਦਾ ਦਾਇਰਾ ਵਧਾਉਣ ਅਤੇ ਨੌਜਵਾਨਾਂ ਦੀ ਊਰਜਾ ਸਹੀ ਪਾਸੇ ਲਗਾਉਣ ਦਾ ਸੱਦਾ ਦਿੱਤਾ ਹੈ। ਇਸ ਸੰਬੰਧੀ ਯੁਵਕ ਸੇਵਾਵਾਂ ਵਿਭਾਗ ਵੱਲੋਂ ਕਲੱਬਾਂ ਦੀਆਂ ਗਤੀਵਿਧੀਆਂ ਲਈ ਸਮੂਹ ਜ਼ਿਲਿਆਂ ਨੂੰ 1.50 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ।

ਇਹ ਜਾਣਕਾਰੀ ਮੀਤ ਹੇਅਰ ਨੇ ਅੱਜ ਪੰਜਾਬ ਭਵਨ ਵਿਖੇ ਯੁਵਕ ਸੇਵਾਵਾਂ ਵਿਭਾਗ ਦੀ ਸੱਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦਾ ਸੁਫਨਾ ਲਿਆ ਗਿਆ ਹੈ ਜਿਸ ਦੀ ਪੂਰਤੀ ਨੌਜਵਾਨ ਸਭ ਤੋਂ ਵੱਡੀ ਤੇ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਬਿਹਤਰ ਸਮਾਜ ਦੀ ਉਸਾਰੀ ਲਈ ਉਸਾਰੂ ਗਤੀਵਿਧੀਆਂ ਵਿੱਚ ਲਗਾਇਆ ਜਾਵੇਗਾ।

ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ ਤਹਿਤ ਇਸ ਵਾਰ ਲੰਬੇ ਅਰਸੇ ਬਾਅਦ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੁਵਾ ਪੁਰਸਕਾਰ ਦੀ ਚੋਣ ਨੂੰ ਅੰਤਿਮ ਰੂਪ ਦਿੱਤਾ ਗਿਆ। ਜਲਦ ਹੀ ਚੁਣੇ ਨੌਜਵਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਲੀਡਰਸ਼ਿਪ ਗੁਣ ਪੈਦਾ ਕਰਨ ਲਈ ਨੌਜਵਾਨਾਂ ਨੂੰ ਸੂਬੇ ਦੀਆਂ ਸੈਰ ਸਪਾਟਾ ਵਾਲੀਆਂ ਥਾਂਵਾਂ, ਵਿਰਾਸਤੀ, ਧਾਰਮਿਕ ਤੇ ਇਤਿਹਾਸਕ ਸਥਾਨਾਂ ਉੱਤੇ ਟੂਰ ਕਰਵਾਇਆ ਜਾਵੇਗਾ।


ਯੁਵਕ ਸੇਵਾਵਾਂ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਯੂਥ ਕਲੱਬਾਂ ਦੀ ਗਿਣਤੀ ਬਹੁਤ ਹੈ ਪਰ ਬਹੁਤੇ ਕਲੱਬਾਂ ਦੀਆਂ ਗਤੀਵਿਧੀਆਂ ਬਿਲਕੁਲ ਬੰਦ ਹਨ। ਉਨ੍ਹਾਂ ਅਜਿਹੇ ਕਲੱਬਾਂ ਦੀ ਸ਼ਨਾਖ਼ਤ ਕਰ ਕੇ ਐਕਟਿਵ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਯੂਥ ਕਲੱਬਾਂ ਦੀਆਂ ਗਤੀਵਿਧੀਆਂ ਵਿੱਚ ਨਸ਼ਿਆਂ ਦੀ ਰੋਕਥਾਮ, ਖੇਡਾਂ ਵਿੱਚ ਹਿੱਸਾ ਲੈਣਾ, ਪਰਾਲੀ ਸਾੜਨ ਖਿਲਾਫ ਕਿਸਾਨਾਂ ਨੂੰ ਜਾਗਰੂਕ ਕਰਨਾ, ਸੱਭਿਆਚਾਰਕ ਗਤੀਵਿਧੀਆਂ ਆਦਿ ਨੂੰ ਪ੍ਰਮੁੱਖਤਾ ਦਿੱਤੀ ਜਾਵੇ।

ਮੀਟਿੰਗ ਵਿੱਚ ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ, ਡਿਪਟੀ ਡਾਇਰੈਕਟਰ ਡਾ ਕਮਲਜੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਰੁਪਿੰਦਰ ਕੌਰ, ਨਹਿਰੂ ਯੁਵਾ ਕੇਂਦਰ ਦੇ ਸਟੇਟ ਡਾਇਰੈਕਟਰ ਸੁਰਿੰਦਰ ਸੈਣੀ ਅਤੇ ਸਮੂਹ ਫੀਲਡ ਅਧਿਕਾਰੀ ਹਾਜ਼ਰ ਸਨ।

Published by:Ashish Sharma
First published:

Tags: Gurmeet Singh Meet Hayer, Punjab government