• Home
 • »
 • News
 • »
 • punjab
 • »
 • GURPARVEZ SINGH SANDHU SAYS CONGRESS BARRED TWO LAKH BJP WORKERS FROM ATTENDING PM S RALLY

ਕਾਂਗਰਸ ਨੇ ਭਾਜਪਾ ਦੇ ਦੋ ਲੱਖ ਵਰਕਰਾਂ ਨੂੰ ਪ੍ਰਧਾਨ ਮੰਤਰੀ ਦੀ ਰੈਲੀ 'ਚ ਜਾਣ ਤੋਂ ਰੋਕਿਆ : ਗੁਰਪਰਵੇਜ਼ ਸਿੰਘ ਸੰਧੂ

ਸੀਨੀਅਰ ਭਾਜਪਾ ਆਗੂ ਸੰਧੂ ਨੇ ਕਿਹਾ- ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੇ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮਾਜ ਵਿਰੋਧੀ ਅਨਸਰਾਂ ਤੋਂ ਜਾਣੂ ਕਰਵਾਇਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ

 • Share this:
  ਫ਼ਿਰੋਜ਼ਪੁਰ: ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਲੋਕਾਂ ਦੇ ਨਾ ਆਉਣ ਬਾਰੇ ਕਾਂਗਰਸ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਜਵਾਬ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਗੁਰਪਰਵੇਜ਼ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਵੱਲੋਂ ਦੋ ਲੱਖ ਭਾਜਪਾ ਵਰਕਰਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ। ਕਾਂਗਰਸੀ ਵਰਕਰ ਨਕਲੀ ਕਿਸਾਨ ਬਣ ਕੇ ਭਾਜਪਾ ਵਰਕਰਾਂ ਨੂੰ ਸੜਕਾਂ 'ਤੇ ਰੋਕਦੇ ਰਹੇ। ਕੁਝ ਕਿਸਾਨਾਂ ਦੀ ਮਦਦ ਨਾਲ ਭਾਜਪਾ ਵਿਰੁੱਧ ਗਲਤ ਪ੍ਰਚਾਰ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਕਾਂਗਰਸ ਦੇ ਇਸ਼ਾਰੇ 'ਤੇ ਪ੍ਰਧਾਨ ਮੰਤਰੀ ਦੀ ਰੈਲੀ 'ਚ ਰੁਕਾਵਟ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ।ਜਦਕਿ, ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਸਮਾਜ ਵਿਰੋਧੀ ਅਨਸਰਾਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਨੂੰ ਸੂਚਿਤ ਕੀਤਾ ਗਿਆ ਸੀ। ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਧਾਨਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਅਤੇ ਪ੍ਰਧਾਨਮੰਤਰੀ ਨੂੰ ਆਪਣੀ ਜਾਨ ਬਚਾ ਕੇ ਵਾਪਸ ਪਰਤਣਾ ਪਿਆ।

  ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਗੁਰਪਰਵੇਜ਼ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ਼ਾਰੇ ’ਤੇ ਦੋ ਲੱਖ ਤੋਂ ਵੱਧ ਭਾਜਪਾ ਵਰਕਰਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ। ਕਈ ਵੀਡੀਓਜ਼ ਇਸ ਦਾ ਸਬੂਤ ਹਨ, ਜੋ ਨਿਊਜ਼ ਚੈਨਲਾਂ 'ਤੇ ਵੀ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਰੈਲੀ ਤੋਂ ਪਹਿਲਾਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਪ੍ਰਧਾਨ ਮੰਤਰੀ ਦੇ ਪੋਸਟਰ ਪਾੜਨ ਦੀ ਸੂਚਨਾ ਵੀ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਸੀ, ਜਿਸ ’ਤੇ ਡੀਸੀ ਅਤੇ ਐਸਐਸਪੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਵਧ ਗਏ।

  ਭਾਜਪਾ ਦੇ ਸੀਨੀਅਰ ਆਗੂ ਸੰਧੂ ਨੇ ਅੱਗੇ ਕਿਹਾ ਕਿ ਕਾਂਗਰਸ ਆਪਣੇ ਬਚਾਅ ਵਿੱਚ ਕਹਿ ਰਹੀ ਹੈ ਕਿ ਕੋਈ ਭੰਨਤੋੜ ਨਹੀਂ ਹੋਈ। ਪੋਸਟਰ ਨਹੀਂ ਫਾੜੇ ਗਏ ਪਰ ਵੀਡੀਓ 'ਚ ਇਹ ਸਭ ਦਿਖਾਈ ਦੇ ਰਿਹਾ ਹੈ। ਸੱਚਾਈ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਘਬਰਾਏ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਪੀਐਮ ਮੋਦੀ ਦੀ ਰੈਲੀ ਦੀ ਸਫਲਤਾ ਦੀ ਜਾਣਕਾਰੀ ਮਿਲ ਚੁੱਕੀ ਸੀ। ਇਸ ਲਈ ਚੰਨੀ ਨੇ ਗੈਰ ਕਾਨੂੰਨੀ ਤਰੀਕੇ ਵਰਤ ਕੇ ਰੈਲੀ ਨੂੰ ਰੱਦ ਕਰਵਾਉਣ ਲਈ ਅੜਿੱਕੇ ਖੜ੍ਹੇ ਕੀਤੇ। ਕਾਂਗਰਸ ਨੇ ਕੂੜ ਪ੍ਰਚਾਰ ਕੀਤਾ ਅਤੇ ਭਾਜਪਾ ਵਰਕਰਾਂ ਅਤੇ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ।

  ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਦੇ ਆਯੋਜਨ ਦੀ ਅਹਿਮ ਜ਼ਿੰਮੇਵਾਰੀ ਨਿਭਾਉਣ ਵਾਲਿਆਂ ਵਿਚ ਗੁਰਪਰਵੇਜ਼ ਸੰਧੂ ਵੀ ਸ਼ਾਮਲ ਸਨ। ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਰੈਲੀ ਦੀਆਂ ਤਿਆਰੀਆਂ ਨੂੰ ਮੁਕੰਮਲ ਕਰਨ ਦੇ ਨਾਲ-ਨਾਲ ਫਿਰੋਜ਼ਪੁਰ ਦੇ ਹਰ ਵਰਗ ਦੇ ਲੋਕਾਂ ਨੂੰ ਰੈਲੀ ਵਿਚ ਸ਼ਾਮਲ ਕਰਨ ਤੱਕ ਹਰ ਜ਼ਿੰਮੇਵਾਰੀ ਨਿਭਾਈ। ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਛੋਟੇ ਕਿਸਾਨਾਂ ਨੂੰ ਕਈ ਤੋਹਫੇ ਦੇਣਾ ਚਾਹੁੰਦੇ ਸਨ। ਉਨ੍ਹਾਂ ਨੇ ਪੀਜੀਆਈ ਸੈਂਟਰ ਅਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰਨਾ ਸੀ। ਪਰ ਕਾਂਗਰਸ ਦੀ ਸਿਆਸੀ ਸਾਜ਼ਿਸ਼ ਦੇ ਚੱਲਦਿਆਂ ਸਭ ਕੁਝ ਰੁਕ ਗਿਆ।
  Published by:Ashish Sharma
  First published: