ਪਿੰਡ ਤਾਜੋਕੇ ਦਾ ਕਿਸਾਨ ਗੁਰਪ੍ਰੀਤ ਸਿੰਘ ਬਣਿਆ ਮਿਸਾਲ,ਆਪਣੇ 100 ਫੀਸਦੀ ਰਕਬੇ ਵਿਚ ਕੀਤੀ ਝੋਨੇ ਦੀ ਸਿੱਧੀ ਬਿਜਾਈ

News18 Punjabi | News18 Punjab
Updated: June 10, 2021, 12:53 PM IST
share image
ਪਿੰਡ ਤਾਜੋਕੇ ਦਾ ਕਿਸਾਨ ਗੁਰਪ੍ਰੀਤ ਸਿੰਘ ਬਣਿਆ ਮਿਸਾਲ,ਆਪਣੇ 100 ਫੀਸਦੀ ਰਕਬੇ ਵਿਚ ਕੀਤੀ ਝੋਨੇ ਦੀ ਸਿੱਧੀ ਬਿਜਾਈ
ਪਿੰਡ ਤਾਜੋਕੇ ਦਾ ਕਿਸਾਨ ਗੁਰਪ੍ਰੀਤ ਸਿੰਘ ਬਣਿਆ ਮਿਸਾਲ,ਆਪਣੇ 100 ਫੀਸਦੀ ਰਕਬੇ ਵਿਚ ਕੀਤੀ ਝੋਨੇ ਦੀ ਸਿੱਧੀ ਬਿਜਾਈ

ਬਰਨਾਲਾ, 9 ਜੂਨ ( ਆਸ਼ੀਸ਼ ਸ਼ਰਮਾ )

  • Share this:
  • Facebook share img
  • Twitter share img
  • Linkedin share img
ਆਸ਼ੀਸ਼ ਸ਼ਰਮਾ

ਜ਼ਿਲਾ ਬਰਨਾਲਾ ਦੇ ਪਿੰਡ ਤਾਜੋਕੇ ਦਾ ਕਿਸਾਨ ਗੁਰਪ੍ਰੀਤ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਹੈ, ਜਿਸ ਨੇ ਆਪਣੇ 100 ਫੀਸਦੀ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਹਰਗੋਬਿੰਦ ਸਿੰਘ ਵਾਸੀ ਤਾਜੋਕੇ (ਬਲਾਕ ਸਹਿਣਾ)  ਨੇ ਦੱਸਿਆ ਕਿ ਉਸ ਕੋਲ 30 ਏਕੜ ਜ਼ਮੀਨ ਆਪਣੀ ਹੈ ਤੇ ਕਰੀਬ 6 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਵਾਹੀ ਕਰਦਾ ਹੈ। ਉਸ ਨੇ ਸਾਰੇ ਕਰੀਬ 36 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਕਿਸਾਨ ਨੇ ਦੱਸਿਆ ਕਿ ਉਹ ਪਹਿਲਾਂ ਰਵਾਇਤੀ ਤਰੀਕੇ ਨਾਲ ਝੋਨਾ ਲਗਾਉਦਾ ਸੀ, ਪਰ ਪਿਛਲੀ ਵਾਰ ਕਰੋਨਾ ਕਾਲ ਦੌਰਾਨ ਲੇਬਰ ਦੀ ਸਮੱਸਿਆ ਕਰ ਕੇ ਉਸ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਤਜਰਬਾ ਕੀਤਾ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ। ਇਸ ਤਕਨੀਕ ਨਾਲ ਲੇਬਰ, ਪਾਣੀ ਅਤੇ ਸਮੇਂ ਦੀ ਹੁੰਦੀ ਬੱਚਤ ਨੂੰ ਦੇਖਦੇ ਹੋਏ ਉਸ ਨੇ ਇਸ ਵਾਰ ਸਾਰੇ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤਕਨੀਕ ਨਾਲ ਝਾੜ ਵੀ ਵਧੀਆ ਰਿਹਾ, ਜੋ ਕਰੀਬ 33 ਤੋਂ 34 ਕੁਇੰਟਲ ਪ੍ਰਤੀ ਏਕੜ ਸੀ। ਉਨਾਂ ਦੱਸਿਆ ਕਿ ਇਸ ਤਕਨੀਕ ਨਾਲ ਝੋਨਾ ਲਗਾਉਣ ਲਈ ਲੈਵਲ ਲੇਜ਼ਰ ਨਾਲ ਜ਼ਮੀਨ ਪੱਧਰੀ ਕਰ ਕੇ ਡੀਐਸਆਰ ਡਰਿੱਲ ਵਰਤੀ ਗਈ ਹੈੇ। ਉਨਾਂ ਨੇ ਇਕਲੌਤੇ ਪੱਧਰ ’ਤੇ ਇਹ ਮਸ਼ੀਨ ਖਰੀਦੀ ਹੈ, ਜਿਸ ਦੀ ਸਬਸਿਡੀ ਲਈ ਅਪਲਾਈ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਪਿੰਡ ਤਾਜੋਕੇ ਦੇ ਕਿਸਾਨ ਅਗਾਂਹਵਧੂ ਹਨ ਤੇ ਪਿੰਡ ਦਾ ਕਰੀਬ 500 ਏਕੜ ਰਕਬਾ  ਡੀਐਸਆਰ ਅਧੀਨ ਲਿਆਂਦਾ ਗਿਆ ਹੈ।ਇਸੇ ਪਿੰਡ ਦੇ ਵਾਸੀ ਬੂਟਾ ਸਿੰਘ ਤਾਜੋਕੇ (ਡੇਰਾ ਬਾਬਾ ਪੰਜਾਬ ਸਿੰਘ) ਨੇ ਦੱਸਿਆ ਕਿ ਉਨਾਂ ਕੋਲ 26 ਏਕੜ ਜ਼ਮੀਨ ਹੈ। ਪਿਛਲੇ ਸਾਲ 10 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਸਫਲ ਰਹੀ ਤੇ ਇਸ ਵਾਰ 15 ਏਕੜ ਵਿਚ ਸਿੱਧੀ ਬਿਜਾਈ ਕੀਤੀ ਹੈ।  ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਾਰਚ ਤੋਂ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਕਰਦੇ ਹੋਏ ਪਿੰਡ ਪੱਧਰੀ ਕੈਂਪਾਂ ਅਤੇ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਹੁਣ ਤੱਕ ਡੀਐਸਆਰ ਬਾਰੇ 19 ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ ਅਤੇ ਰੋਜ਼ਾਨਾ ਪੱਧਰ ’ਤੇ ਵਿਭਾਗ ਦੀ ਟੀਮ ਵੱਲੋਂ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਉਨਾਂ ਦੀਆਂ ਟੀਮਾਂ ਵੱਲੋਂ ਰੇਤਲੀ ਜ਼ਮੀਨ ਨੂੰ ਛੱਡ ਕੇ ਦਰਮਿਆਨੀ ਤੋਂ ਭਾਰੀ ਜ਼ਮੀਨ ਵਿਚ ਸਿੱਧੀ ਬਿਜਾਈ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਜ਼ਿਲੇ ਦਾ ਝੋਨੇ ਅਧੀਨ ਅੰਦਾਜ਼ਨ ਰਕਬਾ 1.13 ਲੱਖ ਹੈਕਟੇਅਰ ਹੈ, ਜਿਸ ਵਿਚੋਂ 25 ਤੋਂ 30 ਹਜ਼ਾਰ ਹੈਕਟੇਅਰ ਰਕਬਾ (ਪਿਛਲੇ ਸਾਲ ਨਾਲੋਂ ਕਰੀਬ 20 ਫੀਸਦੀ ਵਾਧੇ ਨਾਲ) ਝੋਨੇ ਦੀ ਸਿੱਧੀ ਬਿਜਾਈ ਅਧੀਨ ਆਉਣ ਦਾ ਅਨੁਮਾਨ ਹੈ।      ਸ੍ਰੀ ਕੈਂਥ ਨੇ ਦੱਸਿਆ ਕਿ ਜ਼ਿਲੇ ਵਿਚ ਕਰੀਬ 150 ਡੀਐਸਆਰ ਮਸ਼ੀਨਾਂ ਨਾਲ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ। ਪਿਛਲੇ ਸਾਲ ਆਧੁਨਿਕ ਮਸ਼ੀਨਰੀ ਜਿਵੇਂ ਸੁਪਰ ਸੀਡਰ, ਮਲਚਰ, ਉਲਟਾਵੇਂ ਹਲ ਆਦਿ ’ਤੇ ਕਰੀਬ 15 ਕਰੋੜ ਦੀ ਸਬਸਿਡੀ ਜ਼ਿਲੇ ਦੇ ਕਿਸਾਨਾਂ ਨੂੰ ਦਿੱਤੀ ਗਈ ਹੈ ਤੇ ਹੋਰ ਸਬਸਿਡੀ ਵੀ ਪ੍ਰਕਿਰਿਆ ਅਧੀਨ ਹੈ। ਉਨਾਂ ਦੱਸਿਆ ਕਿ ਇਸ ਵਾਰ ਕਿਸਾਨਾਂ ਵੱਲੋਂ ਆਨਲਾਈਨ ਪੋਰਟਲ ਰਾਹੀਂ ਸਬਸਿਡੀ ’ਤੇ ਮਸ਼ੀਨਰੀ ਲੈਣ ਲਈ ਅਪਲਾਈ ਕੀਤਾ ਗਿਆ ਹੈ।    ਡਿਪਟੀ ਕਮਿਸ਼ਨਰ ਵੱਲੋਂ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਪਿੰਡ ਤਾਜੋਕੇ ਦੇ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਕੀਤੀ ਜੋ ਸਮੇਂ ਦੇ ਹਾਣੀ ਬਣ ਕੇ ਨਵੀਆਂ ਖੇਤੀ ਤਕਨੀਕਾਂ ਅਪਣਾ ਰਹੇ ਹਨ ਅਤੇ ਕੁਦਰਤੀ ਸ੍ਰੋਤਾਂ ਦੀ ਸੰਭਾਲ ਵਿਚ ਵੀ ਯੋਗਦਾਨ ਪਾ ਰਹੇ ਹਨ। ਉਨਾਂ ਹੋਰਨਾਂ ਕਿਸਾਨਾਂ ਨੂੰ ਵੀ ਸੇਧ ਲੈਣ ਦਾ ਸੱਦਾ ਦਿੱਤਾ ਤਾਂ ਜੋ ਜ਼ਿਲਾ ਬਰਨਾਲਾ ਵਿਚ ਵੱਧ ਤੋਂ ਵੱਧ ਰਕਬਾ ਸਿੱਧੀ ਬਿਜਾਈ ਅਧੀਨ ਲਿਆਂਦਾ ਜਾ ਸਕੇ।
Published by: Ramanpreet Kaur
First published: June 10, 2021, 12:53 PM IST
ਹੋਰ ਪੜ੍ਹੋ
ਅਗਲੀ ਖ਼ਬਰ