ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਭਾਜਪਾ ਉਪਰ ਪੰਜਾਬ ਵਿੱਚ ਅਪ੍ਰੇਸ਼ਨ ਲੋਟਸ ਚਲਾਉਣ ਦੇ ਦੋਸ਼ ਲਾਏ ਗਏ ਹਨ। ਮੰਗਲਵਾਰ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਏ ਕਿ ਭਾਜਪਾ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਗਣਾ ਚਾਹੁੰਦੀ ਹੈ, ਜਿਸ ਲਈ ਪੰਜਾਬ ਵਿੱਚ ਵੀ ਅਪ੍ਰੇਸ਼ਨ ਲੋਟਸ ਦੀ ਤਿਆਰੀ ਹੈ। ਦੋਸ਼ ਲਾਏ ਗਏ ਹਨ ਕਿ ਭਾਜਪਾ ਨੇ ਉਨ੍ਹਾਂ ਦੇ 7 ਤੋਂ 10 ਵਿਧਾਇਕਾਂ ਨੂੰ ਖਰੀਦਣ ਲਈ ਉਨ੍ਹਾਂ ਦੀ 25 ਕਰੋੜ ਰੁਪਏ ਪ੍ਰਤੀ ਵਿਧਾਇਕ ਬੋਲੀ ਲਗਾਈ ਹੈ ਅਤੇ ਇਸ ਸਾਰੇ ਕੰਮ ਲਈ ਲਗਭਗ 1375 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਚੀਮਾ ਨੇ ਇਹ ਵੀ ਦਾਅਵਾ ਕੀਤਾ ਕਿ ਬੀਜੇਪੀ ਵੱਲੋਂ ਆਪ ਦੇ ਇਨ੍ਹਾਂ ਵਿਧਾਇਕਾਂ ਨੂੰ ਇਹ ਵੀ ਖੌਫ ਦਿੱਤਾ ਗਿਆ ਹੈ ਕਿ ਜੇਕਰ ਉਹ ਨਾ ਮੰਨੇ ਤਾਂ ਸੀਬੀਆਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਭਾਜਪਾ ਦੇ ਇਨ੍ਹਾਂ ਲੋਕਾਂ ਵਿੱਚ ਕੁੱਝ ਦਿੱਲੀ ਤੋਂ ਹਨ ਅਤੇ ਕੁੱਝ ਪੰਜਾਬ ਤੋਂ ਇਸ ਅਪ੍ਰੇਸ਼ਨ ਵਿੱਚ ਸ਼ਾਮਲ ਹਨ। ਆਮ ਆਦਮੀ ਪਾਰਟੀ ਦੇ ਕਿਹੜੇ ਵਿਧਾਇਕਾਂ ਨੂੰ ਭਾਜਪਾ ਵੱਲੋਂ ਇਹ ਆਫਰ ਦਿੱਤਾ ਗਿਆ ਹੈ, ਬਾਰੇ ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਸਾਰੇ ਸਬੂਤਾਂ ਸਮੇਤ ਨਾਂਅ ਵੀ ਨਸ਼ਰ ਕਰਨਗੇ ਅਤੇ ਵਿਧਾਇਕ ਖੁਦ ਵੀ ਸਾਹਮਣੇ ਆਉਣਗੇ, ਪਰੰਤੂ ਅਜੇ ਇਹ ਜਨਤਕ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਦਾ ਉਹ ਡੱਟਵਾਂ ਜਵਾਬ ਦੇਣਗੇ ਅਤੇ ਕਾਨੂੰਨੀ ਕਾਰਵਾਈ ਲਈ ਤਿਆਰੀ ਕਰ ਰਹੇ ਹਨ।
ਉਧਰ, ਆਪ ਵੱਲੋਂ ਅਜਿਹੇ ਦਾਅਵੇ ਪਿੱਛੋਂ ਭਾਜਪਾ ਵਿੱਚ ਹਲਚਲ ਮੱਚ ਗਈ ਹੈ ਅਤੇ ਪਾਰਟੀ ਆਗੂਆਂ ਨੇ ਆਮ ਆਦਮੀ ਪਾਰਟੀ 'ਤੇ ਮਿਲ ਕੇ ਹਮਲਾ ਬੋਲ ਦਿੱਤਾ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਆਪ ਨੋਟੰਕੀ ਕਰ ਰਹੀ ਹੈ ਅਤੇ ਭਾਜਪਾ ਸਿਰ ਜਾਣ ਬੁੱਝ ਕੇ ਦੋਸ਼ ਲਗਾ ਕੇ ਲੋਕ ਮੁੱਦਿਆਂ ਤੋਂ ਭੱਜ ਰਹੀ ਹੈ।
ਕੀ ਕੋਈ 90 ਵਿਧਾਇਕ ਖਰੀਦ ਸਕਦਾ ਹੈ : ਜਿਆਣੀ
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਆਪ੍ਰੇਸ਼ਨ ਲੋਟਸ ਦੀ ਗੱਲ ਤਾਂ ਝੂਠੀ ਹੈ। ਆਪ ਵਾਲਿਆਂ ਨੂੰ ਹੁਣ ਡਰ ਸਤਾ ਰਿਹਾ ਹੈ ਅਤੇ ਇਹ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਬਿਆਨਬਾਜ਼ੀ ਕਰ ਰਹੇ ਹਨ। ਭਾਜਪਾ ਕੋਲ 2 ਵਿਧਾਇਕ ਅਤੇ ਇਨ੍ਹਾਂ ਕੋਲ 92 ਹਨ। ਦੱਸੋਂ ਹੁਣ ਕੀ ਕੋਈ 90 ਵਿਧਾਇਕ ਖਰੀਦ ਸਕਦਾ ਹੈ। ਜੇਕਰ ਉਨ੍ਹਾਂ ਦੇ ਵਿਧਾਇਕ ਇੰਨੇ ਹੀ ਕੱਚੇ ਹਨ ਤਾਂ ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਵਿਧਾਇਕ ਖੁਦ ਕਮਜ਼ੋਰ ਹਨ।
ਜਿਆਣੀ ਨੇ ਅੱਗੇ ਕਿਹਾ ਕਿ ਆਪ ਕੋਲੋਂ ਵਾਅਦੇ ਪੂਰੇ ਨਹੀਂ ਹੋ ਰਹੇ। ਇਸ ਕਰਕੇ ਹੁਣ ਉਨ੍ਹਾਂ ਦੇ ਵਿਧਾਇਕ ਹਲਕੇ ਵਿੱਚ ਨਹੀਂ ਜਾ ਰਹੇ ਹਨ। ਉਹ ਕਹਿੰਦੇ ਹਨ ਕਿ ਸਾਨੂੰ ਸੁਰੱਖਿਆ ਨਹੀਂ ਚਾਹੀਦੀ, ਉਨ੍ਹਾਂ ਨੇ ਪੰਜਾਬ 'ਚੋਂ 90 ਕਮਾਂਡੋ ਲਏ ਹਨ, ਉਹ ਇਕ ਦਿਨ ਆਪ ਹੀ ਡਿੱਗ ਜਾਣਗੇ। ਪੰਜਾਬ ਆਰਥਿਕ ਪੱਖੋਂ ਕਮਜ਼ੋਰ ਹੋ ਗਿਆ ਹੈ, ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਹਨ।
ਆਪਣੇ ਭਾਰ ਨਾਲ ਹੀ ਡਿੱਗ ਜਾਵੇਗੀ -ਸੁਭਾਸ਼ ਸ਼ਰਮਾ
ਇਸ ਮੌਕੇ ਭਾਜਪਾ ਦੇ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ 'ਆਪ' ਸਰਕਾਰ ਆਪਣੇ ਬੋਝ ਹੇਠ ਆ ਜਾਵੇਗੀ, ਭਾਜਪਾ ਦੀ ਇਸ 'ਚ ਕੋਈ ਭੂਮਿਕਾ ਨਹੀਂ ਹੋਵੇਗੀ। ਹਰਪਾਲ ਚੀਮਾ ਭਗਵੰਤ ਮਾਨ ਅਤੇ ਕੇਜਰੀਵਾਲ ਤੋਂ ਧਿਆਨ ਹਟਾਉਣ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਆਮ ਆਦਮੀ ਪਾਰਟੀ 'ਚ ਵੱਡੀ ਫੁੱਟ ਪੈ ਗਈ ਹੈ, ਇਸ ਲਈ ਭਾਜਪਾ 'ਤੇ ਅਜਿਹੇ ਦੋਸ਼ ਲਗਾਏ ਜਾ ਰਹੇ ਹਨ।
ਐਕਸਾਈਜ਼ ਪਾਲਿਸੀ ਤੋਂ ਧਿਆਨ ਭਟਕਾਉਣ ਲਈ ਆਪ ਕਰ ਹੈ ਨੌਟੰਕੀ- ਸਿਰਸਾ
ਇਸ ਮੌਕੇ ਦਿੱਲੀ ਤੋਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪ ਉਤੇ ਸ਼ਬਦੀ ਹਮਲਾ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਨੌਟੰਕੀ ਕਰ ਰਹੀ ਹੈ। ਹੁਣ ਈਡੀ ਕੋਲ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਸ਼ਿਕਾਇਤ ਹੋ ਗਈ ਹੈ ਤਾਂ ਇਹ ਲੋਕਾਂ ਦਾ ਧਿਆਨ ਮੁੱਦੇ ਤੋਂ ਭਟਕਾਉਣ ਲਈ ਕਹਿ ਰਹੇ ਹਨ ਕਿ ਸਾਡੇ ਵਿਧਾਇਕਾਂ ਨੂੰ ਖਰੀਦਿਆ ਜਾ ਰਿਹਾ ਹੈ। ਪੰਜਾਬ 'ਆਪ' ਦੇ ਵਿਧਾਇਕਾਂ ਨੂੰ ਕੋਈ ਨਹੀਂ ਖਰੀਦ ਰਿਹਾ, ਕੇਜਰੀਵਾਲ ਅਤੇ 'ਆਪ' ਦੀ ਇਹ ਨੀਤੀ ਹੈ ਕਿ ਆਪ ਵਿਧਾਇਕ ਪਰੇਸ਼ਾਨ ਹੋ ਕੇ ਪਾਰਟੀ ਛੱਡ ਦਿੰਦੇ ਹਨ। 2017 ਵਿੱਚ 18 ਵਿਧਾਇਕ ਜਿੱਤੇ ਪਰ ਬਾਅਦ ਵਿੱਚ ਅੱਧੇ ਹਾਰ ਗਏ ਕੇਜਰੀਵਾਲ ਨੂੰ ਅਪੀਲ ਹੈ ਕਿ ਲੋਕਾਂ ਦਾ ਧਿਆਨ ਨਾ ਭਟਕਾਇਆ ਜਾਵੇ, ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਜਾਵੇ।
ਜੀਵਨ ਗੁਪਤਾ ਦੀ ਕੇਜਰੀਵਾਲ ਨੂੰ ਅਪੀਲ...
ਇਸ ਮੌਕੇ ਪੰਜਾਬ ਭਾਜਪਾ ਦੇ ਬੁਲਾਰੇ ਜੀਵਨ ਗੁਪਤਾ ਨੇ ਆਪ ਵੱਲੋਂ ਲਾਏ ਦੋਸ਼ਾਂ ਉਤੇ ਪਲਟਵਾਰ ਕਰਦਿਆਂ ਕਿਹਾ ਕਿ ਆਪ ਹੁਣ ਸਭ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੌਟੰਕੀ ਕਰ ਰਹੇ ਹਨ। ਇਸ ਮੌਕੇ ਰਾਜਕੁਮਾਰ ਵੇਰਕਾ ਨੇ ਕਿਹਾ ਆਪ ਦੇ ਵਿਧਾਇਕਾਂ ਨੂੰ ਕਿਉਂ ਖਰੀਦਿਆ ਜਾਵੇਗਾ। ਇਨ੍ਹਾਂ ਦੇ ਵਿਧਾਇਕ ਖੁਦ ਪਾਰਟੀ ਛੱਡ ਕੇ ਜਾਣਾ ਚਾਹੁੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Harpal cheema, Manjinder singh sirsa, Punjab BJP