• Home
 • »
 • News
 • »
 • punjab
 • »
 • HARSIMRAT BADAL BLAME CHANNI DECLARING A FACE FOR THE POST OF CHIEF MINISTER RAHUL HAS SEALED HIS CORRUPTION

ਆਪ ਸੱਤਾ 'ਚ ਆਈ ਤਾਂ ਪੰਜਾਬ ਦਾ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇ ਦਿੱਤਾ ਜਾਵੇਗਾ: ਹਰਸਿਮਰਤ

ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਐਲਾਨ ਕੇ ਰਾਹੁਲ ਨੇ ਉਨ੍ਹਾਂ ਦੇ ਭ੍ਰਿਸ਼ਟਾਚਾਰ ’ਤੇ ਮੋਹਰ ਲਾਈ: ਹਰਸਿਮਰਤ

(ਫਾਇਲ ਫੋਟੋ)

 • Share this:
  ਲੰਬੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਹਾਈ ਕਮਾਂਡ ਅਤੇ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਐਲਾਨ ਕਰ ਕੇ ਉਹਨਾਂ ਦੀਆਂ ਭ੍ਰਿਸ਼ਟ ਗਤੀਵਿਧੀਆਂ ’ਤੇ ਪ੍ਰਵਾਨਗੀ ਦੀ ਮੋਹਰ ਲਗਾ ਦਿੱਤੀ ਹੈ।

  ਹਰਸਿਮਰਤ ਬਾਦਲ ਜੋ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਲੰਬੀ ਅਤੇ ਬੁਢਾਲਾਡਾ ਵਿਚ ਡਾ. ਨਿਸ਼ਾਨ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ, ਨੇ ਕਿਹਾ ਕਿ ਮੁੱਖ ਮੰਤਰੀ ਦੇ ਭਾਣਜੇ ਦੇ ਘਰੋਂ 10 ਕਰੋੜ ਰੁਪਏ ਬਰਾਮਦ ਹੋਏ ਹਨ ਤੇ ਉਸ ਨੇ ਇਹ ਵੀ ਕਬੂਲ ਲਿਆ ਹੈ ਕਿ ਇਹ ਪੈਸਾ ਰੇਤ ਮਾਫੀਆ ਤੇ ਤਾਇਨਾਤੀਆਂ ਤੇ ਤਬਾਦਲਿਆਂ ਦਾ ਲਿਆ ਪੈਸਾ ਹੈ, ਇਸ ਦੇ ਬਾਵਜੂਦ ਕਾਂਗਰਸ ਹਾਈ ਕਮਾਂਡ ਉਹਨਾਂ ਨਾਲ ਡੱਟ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਹਾਈ ਕਮਾਂਡ ਦੇ ਨਾਲ ਨਾਲ ਗਾਂਧੀ ਪਰਿਵਾਰ ਦੀ ਇਮਾਨਦਾਰੀ ’ਤੇ ਵੀ ਸਵਾਰ ਖੜ੍ਹੇ ਹੋ ਗਏ ਹਨ ਜਿਸ ਨੇ ਇਕ ਭ੍ਰਿਸ਼ਟ ਮੁੱਖ ਮੰਤਰੀ ਦਾ ਸ਼ਰ੍ਹੇਆਮ ਸਾਥ ਦੇਣ ਦਾ ਫੈਸਲਾ ਕੀਤਾ ਹੈ।

  ਬਠਿੰਡਾ ਦੇ ਐਮਪੀ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਰੇਤ ਤੇ ਸ਼ਰਾਬ ਮਾਫੀਆ ਦੀ ਪ੍ਰਧਾਨਗੀ ਕੀਤੀ, ਦਲਿਤ ਵਿਦਿਆਰਥੀਆਂ ਲਈ ਐਸਸੀ ਸਕਾਲਰਸ਼ਿਪ ਬੰਦ ਕਰ ਦਿੱਤੀ, ਕੋਰੋਨਾ ਕਾਲ ਵਿਚ ਵੈਕਸੀਨਾਂ ਤੇ ਕੇਂਦਰੀ ਰਾਸ਼ਨ ਦੀ ਸਪਲਾਈ ਵਿਚ ਵੀ ਭ੍ਰਿਸ਼ਟਾਚਾਰ ਕੀਤਾ ਤੇ ਹੁਣ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਬਦਲ ਕੇ ਲੋਕਾਂ ਨੁੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

  ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਅਤੇ ਘਰ ਘਰ ਨੌਕਰੀ ਸਮੇਤ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਏ ਸਨ ਤੇ ਚਰਨਜੀਤ ਚੰਨੀ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਵਿਚ ਸਿਰਫ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਕੰਮ ਕੀਤਾ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਪੰਜ ਸਾਲਾਂ ਵਿਚ ਸੂਬੇ ਸਿਰਫ ਕਰਜ਼ਾ ਇਕ ਲੱਖ ਕਰੋੜ ਰੁਪਏ ਵਧਾ ਦਿੱਤਾ ਜਦੋਂ ਕਿ ਲੋਕਾਂ ਦੀ ਭਲਾਈ ਵਾਸਤੇ ਕੋਈ ਡੱਕਾ ਨਹੀਂ ਤੋੜਿਆ।

  ਆਮ ਆਦਮੀ ਪਾਰਟੀ ਅਤੇ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲੋਂ ਵੀ ਜ਼ਿਆਦਾ ਚਾਲਬਾਜ਼ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਾ ਵਾਅਦਾ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣਾ ਚਾਹੁੰਦਾ ਹੈ ਜਦੋਂ ਕਿ ਪਿਛਲੇ 8 ਸਾਲਾਂ ਵਿਚ ਉਸ ਨੇ ਦਿੱਲੀ ਵਿਚ ਮਹਿਲਾਵਾਂ ਨੁੰ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ।

  ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਫਿਰ ਕੇਜਰੀਵਾਲ ਦੀ ਨਿਗਰਾਨੀ ਹੇਠ ਪੰਜਾਬ ਦਾ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੁੰ ਦੇ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਲਈ ਡੰਮੀ ਉਮੀਦਵਾਰ ਹੈ। ਜਦੋਂ ਕੇਜਰੀਵਾਲ ਨੇ ਉਸ ਨੂੰ ਪੰਜਾਬ ਦਾ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਵਾਸਤੇ ਹਸਤਾਖ਼ਰ ਕਰਨ ਵਾਸਤੇ ਆਖਿਆ ਤਾਂ ਉਸ ਕੋਲ ਇੰਨੀ ਜ਼ੁਰੱਅਤ ਨਹੀਂ ਕਿ ਉਹ ਜਵਾਬ ਦੇ ਦੇਵੇ।

  ਉਹਨਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਅਜਿਹਾ ਘਾਟਾ ਖਾਧਾ ਸੀ ਜਦੋਂ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਨੂੰ ਸੂਬੇ ਦਾ ਦਰਿਆਈ ਪਾਣੀ ਦੇਣ ਵਾਸਤੇ ਮਜਬੂਰ ਕੀਤਾ ਸੀ । ਉਹਨਾਂ ਕਿਹਾ ਕਿ ਇਸੇ ਵਾਸਤੇ ਸੁਬੇ ਨੁੰ ਇਕ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕੇ।

  ਬੀਬਾ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਮਨਸੂਬਿਆਂ ਤੋਂ ਸੁਚੇਤ ਰਹਿਣ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਮਾਡਲ ਦੇ ਸੁਫਨੇ ਵਿਖਾ ਕੇ ਵੋਟਾਂ ਲੈਣਾ ਚਾਹੁੰਦੀ ਹੈ ਪਰ ਦਿੱਲੀ ਮਾਡਲ ਵਿਚ ਨਾ ਤਾਂ ਕਿਸਾਨਾਂ ਲਈ ਮੁਫਤ ਬਿਜਲੀ ਤੇ ਨਾ ਹੀ ਆਟਾ ਦਾਲ ਤੇ ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਸ਼ਾਮਲ ਹਨ।

  ਉਹਨਾਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਫਿਰ ਪੰਜਾਬੀਆਂ ਤੋਂ ਇਹ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਜਾਣਗੀਆਂ। ਉਹਨਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੁੰ ਹਮੇਸ਼ਾ ਲਈ ਠੁਕਰਾ ਦੇਣ।
  Published by:Gurwinder Singh
  First published: