ਕਰਤਾਰਪੁਰ ਲਾਂਘੇ ਬਾਰੇ ਸਿੱਖਾਂ ਨੂੰ ਗੁਮਰਾਹ ਨਾ ਕਰੇ ਹਰਸਿਮਰਤ ਬਾਦਲ: ਕੈਪਟਨ


Updated: January 11, 2019, 4:05 PM IST
ਕਰਤਾਰਪੁਰ ਲਾਂਘੇ ਬਾਰੇ ਸਿੱਖਾਂ ਨੂੰ ਗੁਮਰਾਹ ਨਾ ਕਰੇ ਹਰਸਿਮਰਤ ਬਾਦਲ: ਕੈਪਟਨ

Updated: January 11, 2019, 4:05 PM IST
ਕਰਤਾਰਪੁਰ ਲਾਂਘੇ ਦੇ ਮਾਮਲੇ ਉੱਤੇ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਦੀ ਅੱਗੇ ਹੋਰ ਖਿੱਲੀ ਉਠਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਦੇ ਮਾਮਲੇ ਵਿਚ ਗੇਂਦ ਪੂਰੀ ਤਰ੍ਹਾਂ ਕੇਂਦਰ ਦੇ ਪਾਲੇ ਵਿਚ ਹੈ ਅਤੇ ਸੂਬਾ ਸਰਕਾਰ ਨੇ ਇਸ ਮਾਮਲੇ ਉੱਤੇ 11 ਦਿਨ ਪਹਿਲਾਂ ਗ੍ਰਹਿ ਮੰਤਰਾਲੇ (ਐਮ.ਐਚ.ਏ) ਨੂੰ ਪਹਿਲਾਂ ਹੀ ਇੱਕ ਯਾਦ ਪੱਤਰ ਭੇਜ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਇਸ ਅਤਿ ਮਹੱਤਵਪੂਰਨ ਧਾਰਮਿਕ ਮੁੱਦੇ ਉੱਤੇ ਹਰਸਿਮਰਤ ਨੇ ਬਿਨਾਂ ਕੋਈ ਜਾਣਕਾਰੀ ਹਾਸਲ ਕੀਤੇ ਅਲ-ਪਟਲ ਮਾਰੇ ਹਨ ਜਿਸ ਦੇ ਨਾਲ ਉਹ ਆਪਣੇ ਭਰਮ ਫੈਲਾਉਣ ਵਾਲੇ ਬਿਆਨਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰੀ ਮੰਤਰੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਦ੍ਰਿਸ਼ ਉੱਤੇ ਆਉਣ ਲਈ ਨਿਰਾਸ਼ਾ ਵਿਚ ਹੱਥ ਪੈਰ ਮਾਰ ਰਹੇ ਬਾਦਲਾਂ ਦੇ ਸੌੜੇ ਹਿੱਤਾਂ ਨੂੰ ਅੱਗੇ ਬੜ੍ਹਾਵਾ ਦੇਣ ਲਈ ਹਰਸਿਮਰਤ ਕੌਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦਾ ਘਿਣਾਉਣਾ ਕਾਰਜ ਕਰ ਰਹੀ ਹੈ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਜ਼ਮੀਨ ਨੂੰ ਐਕੁਆਇਰ ਕਰਨ ਦਾ ਕੋਈ ਵੀ ਕਦਮ ਕੇਵਲ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਅਤੇ ਇਸ ਜ਼ਮੀਨ ਦੇ ਲੋੜੀਂਦੇ ਟੁਕੜੇ ਨੂੰ ਐਕੁਆਇਰ ਕਰਨ ਵਾਸਤੇ ਫੰਡ ਪ੍ਰਾਪਤੀ ਤੋਂ ਬਾਅਦ ਹੀ ਚੁੱਕਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੂੰ 1 ਜਨਵਰੀ, 2019 ਨੂੰ ਵੀ ਇੱਕ ਯਾਦ ਪੱਤਰ ਭੇਜਿਆ ਗਿਆ ਜਿਸ ਵਿਚ ਇਹ ਪ੍ਰਾਜੈਕਟ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਕਾਰਵਾਈ ਕਰਨ ਵਾਸਤੇ ਆਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਨਵੰਬਰ ਮਹੀਨੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਪ੍ਰਾਜੈਕਟ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਉਨ੍ਹਾਂ ਦੀ ਸਰਕਾਰ ਤੇ ਉਹ ਨਿੱਜੀ ਤੌਰ 'ਤੇ ਬਹੁਤ ਜ਼ਿਆਦਾ ਉਤਸੁਕ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਜਲਦੀ ਤੋਂ ਜਲਦੀ ਵਿਕਾਸ ਕੰਮ ਸ਼ੁਰੂ ਕਰਵਾਉਣ ਲਈ ਉਨ੍ਹਾਂ ਦੀ ਸਰਕਾਰ ਲਗਾਤਾਰ ਕੇਂਦਰ ਸਰਕਾਰ ਉੱਤੇ ਦਬਾਅ ਬਣਾਉਂਦੀ ਰਹੇਗੀ ਤਾਂ ਜੋ ਇਸ ਨੂੰ ਮੁਕੰਮਲ ਕੀਤਾ ਜਾ ਸਕੇ।
First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...