ਅੰਮ੍ਰਿਤਪਾਲ ਸਿੰਘ (Amritpal Singh) ਨੂੰ ਲੈ ਕੇ ਉੱਤਰਾਖੰਡ ਵਿਚ ਮੁੜ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਧਾਰਚੂਲਾ ਸਥਿਤ ਭਾਰਤ-ਨੇਪਾਲ ਸਰਹੱਦ 'ਤੇ ਸੀਮਾ ਸੁਰੱਖਿਆ ਬਲ (Border Security Force) ਨੂੰ ਅਲਰਟ ਕਰ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਅਤੇ ਕੇਂਦਰੀ ਜਾਂਚ ਏਜੰਸੀਆਂ ਨੇ ਸੀਮਾ ਸੁਰੱਖਿਆ ਬਲ ਨੂੰ ਅਲਰਟ ਜਾਰੀ ਕੀਤਾ ਹੈ। ਸਰਹੱਦ ਉਤੇ ਆਉਣ-ਜਾਣ ਵਾਲੇ ਲੋਕਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਬੀਐਸਐਫ ਨੇ ਨੇਪਾਲ ਸਰਹੱਦ ਨਾਲ ਲੱਗਦੇ ਝੁਲਾਘਾਟ, ਬਾਲੂਵਾਕੋਟ, ਜੌਲਜੀਬੀ ਅਤੇ ਹੋਰ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਹੈ।
ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਇੱਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ, ਜਿਸ ਵਿੱਚ ਉਹ ਕਥਿਤ ਤੌਰ ਉਤੇ ਜੈਕੇਟ ਅਤੇ ਟਰਾਊਜ਼ਰ ਪਹਿਨ ਕੇ ਮੋਬਾਈਲ ਫੋਨ 'ਤੇ ਗੱਲ ਕਰਦਾ ਦੇਖਿਆ ਗਿਆ ਸੀ। ਇਸ ਫੁਟੇਜ ਬਾਰੇ ਪੁਲਿਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਫੁਟੇਜ ਕਿਸ ਮਿਤੀ ਦੀ ਹੈ, ਇਹ ਜਾਣਕਾਰੀ ਨਹੀਂ ਮਿਲ ਸਕੀ ਹੈ।
ਉਧਰ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰਦਿਆਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਤਾਂ ਪੁਲਿਸ ਅੱਗੇ ਆਤਮ-ਸਮਰਪਣ ਕਰ ਦੇਵੇ ਤੇ ਪੁਲਿਸ ਦੀ ਜਾਂਚ ਵਿਚ ਸਹਿਯੋਗ ਦੇਵੇ।
ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਵਿਚਾਰਨ ਵਾਸਤੇ 27 ਮਾਰਚ ਨੂੰ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਇਕ ਸਾਂਝੀ ਮੀਟਿੰਗ ਵੀ ਸੱਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦਾ ਮਾਮਲਾ ਇਸ ਵੇਲੇ ਸਮੁੱਚੀ ਦੁਨੀਆਂ ਦੇ ਸਿੱਖਾਂ ਲਈ ਇਕ ਵੱਡਾ ਸਵਾਲ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ ਤਾਂ ਇਸ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਜੇਕਰ ਅੰਮ੍ਰਿਤਪਾਲ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ ਤਾਂ ਉਸ ਨੂੰ ਆਤਮ-ਸਮਰਪਣ ਕਰ ਕੇ ਇਸ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਵੀ ਨੌਜਵਾਨਾਂ ’ਤੇ ਲੋੜੋਂ ਵੱਧ ਸੰਗੀਨ ਜੁਰਮਾਂ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ ਜਦਕਿ ਇਨ੍ਹਾਂ ਨੌਜਵਾਨਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ।
ਜਥੇਦਾਰ ਨੇ ਕਿਹਾ ਕਿ ਪੁਲਿਸ ਅੰਮ੍ਰਿਤਪਾਲ ਬਾਰੇ ਸੋਸ਼ਲ ਮੀਡੀਆ ’ਤੇ ਕੁਝ ਵੀ ਸਾਂਝਾ ਕਰਨ ਵਾਲਿਆਂ ਦੇ ਘਰਾਂ ਵਿਚ ਵੀ ਜਾ ਰਹੀ ਹੈ ਜੋ ਕਿ ਵਿਚਾਰਾਂ ਦੀ ਆਜ਼ਾਦੀ ’ਤੇ ਹਮਲਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal amritpal singh Twitter, Amritpal singh, Amritpal Singh Khalsa, Nsa on amritpal singh, Operation Amritpal