Home /News /punjab /

ਗਾਇਬ ਹੋਏ 267 ਸਰੂਪਾਂ ਦੀ ਜਾਂਚ ਕਰ ਰਹੇ ਈਸ਼ਰ ਸਿੰਘ ਨੂੰ ਹਵਾਰਾ ਕਮੇਟੀ ਨੇ ਚਿੱਠੀ ਲਿਖ ਕੇ ਕੀਤੇ ਸਵਾਲ

ਗਾਇਬ ਹੋਏ 267 ਸਰੂਪਾਂ ਦੀ ਜਾਂਚ ਕਰ ਰਹੇ ਈਸ਼ਰ ਸਿੰਘ ਨੂੰ ਹਵਾਰਾ ਕਮੇਟੀ ਨੇ ਚਿੱਠੀ ਲਿਖ ਕੇ ਕੀਤੇ ਸਵਾਲ

 ਗਾਇਬ ਹੋਏ 267 ਸਰੂਪਾਂ ਦੀ ਜਾਂਚ ਕਰ ਰਹੇ ਈਸ਼ਰ ਸਿੰਘ ਨੂੰ ਹਵਾਰਾ ਕਮੇਟੀ ਨੇ ਚਿੱਠੀ ਲਿਖ ਕੇ ਕੀਤੇ ਸਵਾਲ (file photo)

ਗਾਇਬ ਹੋਏ 267 ਸਰੂਪਾਂ ਦੀ ਜਾਂਚ ਕਰ ਰਹੇ ਈਸ਼ਰ ਸਿੰਘ ਨੂੰ ਹਵਾਰਾ ਕਮੇਟੀ ਨੇ ਚਿੱਠੀ ਲਿਖ ਕੇ ਕੀਤੇ ਸਵਾਲ (file photo)

  • Share this:

 ਜਗਤਾਰ ਸਿੰਘ ਹਵਾਰਾ ਨੇ ਅੱਜ 267 ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੇ ਤੇਲੰਗਾਨਾ ਹਾਈ ਕੋਰਟ ਦੇ ਸੀਨੀਅਰ ਵਕੀਲ ਅਤੇ ਜਾਂਚ ਕਮੇਟੀ ਦੇ ਮੁਖੀ ਈਸ਼ਰ ਸਿੰਘ ਨੂੰ ਚਿੱਠੀ ਲਿਖ ਕੇ ਜਾਂਚ ਤੇ ਸਵਾਲ ਖੜੇ ਕੀਤੇ ਅਤੇ ਕੀਤੀ ਜਾ ਰਹੀ ਜਾਂਚ ਨਾਲ ਸਬੰਧਿਤ ਕੁੱਝ ਸਵਾਲ ਕੀਤੇ ਹਨ। ਤੁਸੀਂ ਵੀ ਪੜ੍ਹੋ ਕਿ ਆਖਿਰ ਇਹ ਚਿੱਠੀ ਕਿਉਂ ਲਿਖੀ ਗਈ ਅਤੇ ਇਸ ਚਿੱਠੀ ਵਿੱਚ ਜਾਂਚ ਤੇ ਕੀ-ਕੀ ਸਵਾਲ ਖੜੇ ਕੀਤੇ ਗਏ ਹਨ।

ਸਤਿਕਾਰਯੋਗ ਡਾਕਟਰ ਈਸ਼ਰ ਸਿੰਘ  ਜੀ ਐਡਵੋਕੇਟ, ਮੁੱਖ ਜਾਂਚ ਅਧਿਕਾਰੀਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

ਗੁਰੂ ਪਿਆਰੇ ਜੀਓ, ਆਪ ਮਿਤੀ  17 ਜੁਲਾਈ ,2020 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਤੋਂ 267 ਪਾਵਨ ਸਰੂਪਾਂ ਦੀ ਗਿਣਤੀ ਦੇ ਘੱਟ ਹੋਣ ਦੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਕਰ ਰਹੇ ਹੋ। ਵਿਸ਼ਵ ਭਰ ਦੇ ਸਿੱਖਾਂ ਦਾ ਧਿਆਨ ਇਸ ਵੇਲੇ ਇਸ ਮਾਮਲੇ ਦੀ ਸੱਚਾਈ ਜਾਨਣ ਤੇ ਕੇਂਦਰਿਤ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਕੁਝ ਦਿਨ ਪਹਿਲਾਂ ਇਸ ਮਸਲੇ ਸੰਬੰਧੀ ਬਿਆਨ ਵੀ ਦਿੱਤਾ ਗਿਆ ਸੀ।ਪਿਛਲੇ ਕੁਝ ਸਾਲਾਂ ਦੀ ਘਟਨਾਵਾਂ ਦੀ ਸਮੀਖਿਆ ਕਰਦੇ ਹੋਏ ਇਹ ਸਿੱਟਾ ਕੱਢਣਾ ਕੋਈ ਔਖਾ ਨਹੀਂ ਹੈ ਕਿ ਸਿੱਖ ਕੌਮ ਦੀ ਪਹਿਲੀ ਕਤਾਰ ਦੀ ਸੰਸਥਾਵਾਂ ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਸ਼ਾਮਲ ਹਨ ਉਤੇ ਚੋਟੀ ਦੇ ਸੰਚਾਲਕ ਕਮਜ਼ੋਰ ਵਿਅਕਤੀਆਂ ਨੂੰ ਬਾਦਲਕਿਆਂ ਵਲੋ ਥਾਪਿਆਂ ਜਾਂਦਾਂ ਹੈ। ਪੰਥਕ ਹਿਤਾਂ ਦੀ ਪਹਿਰੇਦਾਰੀ ਨੂੰ ਤਰਜੀਹ ਦੇਣ ਦੀ ਥਾਂ ਇਨ੍ਹਾ ਕਮਜ਼ੋਰ ਜ਼ਮੀਰ ਵਾਲੇ ਸੰਚਾਲਕਾਂ ਨੇ ਆਪਣੇ ਸਿਆਸੀ ਅਕਾਵਾਂ ਦੇ ਹਿਤਾਂ ਦੀ ਰਖਵਾਲੀ ਵੱਧ ਚੜ ਕੇ ਕੀਤੀ। ਸਿੱਟੇ ਵਜੋਂ ਸ਼੍ਰੋਮਣੀ ਸੰਸਥਾਵਾਂ ਦੀ ਭਰੋਸੇਯੋਗਤਾ ਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।ਇਸ ਕੌਮੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਜਾਗਦੀ ਜ਼ਮੀਰਾਂ ਦੇ ਗੁਰਸਿੱਖਾਂ ਨੂੰ ਕਈ ਦਹਾਕੇ ਲੱਗਣ ਦੀ ਸੰਭਾਵਨਾ ਹੈ। ਜੇ ਅਸੀਂ ਤੁਹਾਡੀ ਗੱਲ ਕਰੀਏ ਤਾਂ ਸਿੱਖ ਸੰਗਤਾਂ ਵਿਚ ਇਹ ਆਮ ਚਰਚਾ ਹੈ ਕਿ 20 ਅਕਤੂਬਰ 2018 ਨੂੰ ਅੰਮ੍ਰਿਤਸਰ ਵਿਖੇ ਹੋਈ ਪੰਥਕ ਅਸੈਂਬਲੀ ਦੀ ਇਕੱਤਰਤਾ ਵਿੱਚ ਆਪ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਇਕੱਤਰਤਾ ਵਿੱਚ ਆਪ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਨਿਯੁਕਤੀ ਪ੍ਰਣਾਲੀ ਤੇ ਸਖ਼ਤ ਇਤਰਾਜ਼ ਕੀਤਾ ਸੀ ਤੇ ਸਿਫ਼ਾਰਸ਼ ਕੀਤੀ ਸੀ ਕਿ ਨਵੇਂ ਜਥੇਦਾਰ ਦੀ ਹੋਣ ਵਾਲੀ ਨਿਯੁਕਤੀ ਤੇ ਅਦਾਲਤ ਤੋਂ ਸਟੇਅ ਲਿਆਉਣਾ ਚਾਹੀਦਾ ਹੈ। ਪੰਥਕ ਅਸੈਂਬਲੀ ਵੱਲੋਂ ਬਾਦਲ ਪਿਓ -ਪੁੱਤ ਦਾ ਬਾਈਕਾਟ ਐਲਾਨਿਆ ਗਿਆ ਸੀ ਅਤੇ ਇਸ ਦੇ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੌਜੂਦਾ ਪ੍ਰਣਾਲੀ ਦੇ ਅਧੀਨ ਨਿਯੁਕਤ ਕੀਤੇ ਜਥੇਦਾਰਾਂ ਨੂੰ DUMMY (ਨਕਲੀ) ਐਲਾਨਿਆ ਸੀ। ਇੱਥੇ ਇਹ ਵਰਨਣਯੋਗ ਹੈ ਕਿ ਬਾਦਲਾਂ ਦੀ ਰਹਿਨੁਮਾਈ ਹੇਠ ਕਾਰਜਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ 22 ਅਕਤੂਬਰ 2018 ਨੂੰ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ  ਸੀ। ਜਿਸ ਦਾ ਭਾਵ ਇਹ ਨਿਕਲਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਤੋਂ ਦੋ ਦਿਨ ਪਹਿਲਾਂ ਤੁਸੀਂ ਪੰਥਕ ਅਸੈਂਬਲੀ ਵਿੱਚ ਜਥੇਦਾਰ ਦੀ ਨਿਯੁਕਤੀ ਪ੍ਰਣਾਲੀ ਨੂੰ ਰੱਦ ਕੀਤਾ ਸੀ ਅਤੇ ਨਿਯੁਕਤ ਕਰਨ ਵਾਲੇ ਸਰਬਰਾਹਾਂ ਬਾਦਲ ਪਿਓ- ਪੁੱਤ ਦਾ ਬਾਈਕਾਟ ਦਾ ਸੱਦਾ ਦਿੱਤਾ ਸੀ। ਸਿੱਖ ਸੰਗਤ ਤੁਹਾਡੇ ਇਸ ਬਦਲੇ ਹੋਏ ਸਟੈਂਡ ਤੇ ਸ਼ੰਕਾ ਪ੍ਰਗਟ ਕਰਦੀ ਹੈ ਕਿ ਤੁਸੀਂ ਸਾਲ 2018 ਵਿੱਚ ਕਹੇ ਹੋਏ ਆਪਣੇ ਬਚਨਾਂ ਤੇ ਪੂਰੇ ਨਹੀਂ ਉੱਤਰੇ ਤੇ ਬਾਦਲਾਂ ਦੇ Dummy ਜਥੇਦਾਰ ਦੀ ਬਣਾਈ ਜਾਂਚ ਕਮੇਟੀ ਦਾ ਅਹੁਦਾ ਪਰਵਾਨ ਕੀਤਾ। ਆਪ ਦੇ ਦੋਹਰੇ ਮਾਪ-ਦੰਡ ਨੇ ਬਤੌਰ ਜਾਂਚ ਅਧਿਕਾਰੀ ਆਪ ਦੀ ਛਵੀ ਤੇ ਸ਼ੰਕਾ ਖੜ੍ਹਾ ਕਰ ਦਿੱਤੀ ਹੈ। ਇਸ ਸਬੰਧੀ ਕੌਮ ਨੂੰ ਤੁਹਾਡੇ ਸਪੱਸ਼ਟੀਕਰਨ ਦੀ ਉਡੀਕ ਰਹੇਗੀ।

ਆਪ ਵੱਲੋਂ 17 ਜੁਲਾਈ ਤੋਂ 267 ਸਰੂਪਾਂ ਦੇ ਘੱਟ ਹੋਣ ਦੀ ਜਾਂਚ ਹੇਠ ਲਿਖੇ ਤੱਥਾਂ ਦੇ ਆਧਾਰ ਤੇ ਸਵਾਲਾਂ ਦੇ ਘੇਰੇ ਵਿੱਚ ਘਿਰੀ ਹੋਈ ਸਪਸ਼ਟ ਰੂਪ ਵਿੱਚ ਨਜ਼ਰ ਆ ਰਹੀ ਹੈ।

1. ਆਪ ਦੀ ਡਿਊਟੀ ਬਣਦੀ ਸੀ ਕਿ  ਪੜਤਾਲ ਸ਼ੁਰੂ ਕਰਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਪ੍ਰਿੰਟਿੰਗ ਪ੍ਰੈੱਸ, ਇਸ ਦਾ ਸਟੋਰ ਤੇ ਦਫਤਰ  ਲਿਖਤੀ ਤੌਰ ਤੇ ਗਵਾਹਾਂ ਦੀ ਮੌਜੂਦਗੀ ਵਿੱਚ  ਸੀਲ ਕਰ ਦਿੰਦੇ। ਇਸ ਦੇ ਨਾਲ ਹੀ ਸਬੰਧਿਤ ਰਿਕਾਰਡ ਆਪਣੇ ਕਬਜ਼ੇ ਵਿਚ ਲੈਂਦੇ। ਪਰ ਆਪ ਇਹ ਸਭ ਕੁਝ ਕਰਨ ਵਿੱਚ ਅਸਫਲ ਰਹੇ ਹੋ।

2.  ਪ੍ਰਿੰਟਿੰਗ ਪ੍ਰੈੱਸ, ਸਟੋਰ ਅਤੇ ਦਫਤਰ  ਸੀਲ ਨਾ ਹੋਣ ਦੀ ਵਜ੍ਹਾ ਕਰਕੇ ਜਾਂਚ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 125 ਪਾਵਨ ਸਰੂਪਾਂ ਦੇ ਫਰਮੇ ਤਿਆਰ ਕਰ ਲਏ ਗਏ ਹਨ ਤੇ ਪਿਛਲੀਆਂ ਤਰੀਕਾਂ ਵਿੱਚ ਇਸ ਦੀ ਆਗਿਆ ਵੀ ਪਾ ਲਈ ਗਈ ਹੈ।

3. ਬੇਸ਼ੱਕ ਆਪ ਵੱਲੋਂ ਪੜਤਾਲ ਦੀ ਪਾਰਦਰਸ਼ਤਾ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਦੋਸ਼ੀ ਅਧਿਕਾਰੀ ਆਰਾਮ ਨਾਲ ਸਬੰਧਤ ਰਿਕਾਰਡ ਨੂੰ ਛੇੜਛਾੜ ਅਤੇ ਖੁਰਦ ਬੁਰਦ ਕਰ ਰਹੇ ਹਨ।

4. ਜਿਨ੍ਹਾਂ ਅਧਿਕਾਰੀਆਂ ਦੇ ਨਾਮ ਸ਼ੁਰੂਆਤੀ ਜਾਂਚ ਵਿੱਚ ਨਸ਼ਰ ਹੋਏ ਹਨ ਉਨ੍ਹਾਂ ਨੂੰ ਆਪ ਵੱਲੋਂ ਜਾਂਚ ਆਰੰਭ ਕਰਦੇ ਹੀ ਛੁੱਟੀ ਤੇ ਭੇਜ ਦੇਣਾ ਚਾਹੀਦਾ ਸੀ ਤਾਂ ਜੋ ਉਹ ਜਾਂਚ ਪ੍ਰਭਾਵਿਤ ਨਾਂ ਕਰ ਸਕਦੇ।

5. ਇਹ ਜਾਂਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਉਸ ਕਮਰੇ ਵਿੱਚ ਕੀਤੀ ਜਾ ਰਹੀ ਹੈ ਜਿੱਥੇ ਜਥੇਦਾਰ ਸਾਹਿਬਾਨ ਦੀ ਮੀਟਿੰਗਾਂ ਹੁੰਦੀਆਂ ਹਨ। ਉਸ ਵਿੱਚ ਲੱਗੇ ਕੈਮਰਿਆਂ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਅਧੀਨ ਹੈ। ਜਦ ਕਿ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀ ਤੇ ਸਿਆਸੀ ਤਾਣਾਂ-ਬਾਣਾਂ ਦੋਸ਼ੀ ਹੈ। ਨਿਯਮਾਂ ਅਨੁਸਾਰ ਜਾਂਚ ਦੀ ਰਿਕਾਰਡਿੰਗ ਸ਼੍ਰੋਮਣੀ ਕਮੇਟੀ ਦੇ ਅਧੀਨ ਨਾ ਹੋ ਕੇ ਜਾਂਚ ਅਧਿਕਾਰੀ ਦੇ ਅਧੀਨ ਹੋਣੀ ਚਾਹੀਦੀ ਸੀ।

6. ਇਹ ਦੱਸਣਾ ਜ਼ਰੂਰੀ ਹੈ ਕਿ ਜਦੋਂ ਕੰਵਲਜੀਤ ਸਿੰਘ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਸੀ ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਆਪ ਜੀ ਦੇ ਕਮਰੇ ਵਿੱਚ ਮੌਜੂਦ ਸਨ। ਜਦ ਮਹਿੰਦਰ ਸਿੰਘ ਆਲੀ ਮੁੱਖ ਸਕੱਤਰ ਨੂੰ ਤੱਥਾਂ ਨੂੰ ਤਸਦੀਕ ਕਰਨ ਲਈ ਆਪ ਵੱਲੋਂ ਬੁਲਾਇਆ ਗਿਆ ਤਾਂ ਉਸ ਵੇਲੇ ਭਾਈ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਉਸ ਦੇ ਨਾਲ ਆਏ ਸਨ। ਜਿਸ ਦਾ ਕਿ ਆਪ ਨੇ ਕੋਈ ਨੋਟਿਸ ਨਹੀਂ ਲਿਆ। ਜਾਂਚ ਦੇ ਬੁਨਿਆਦੀ ਨਿਯਮਾਂ ਅਨੁਸਾਰ ਕੋਈ ਵੀ ਵੱਡਾ ਅਧਿਕਾਰੀ ਬਿਨ ਬੁਲਾਏ ਨਹੀਂ ਆ ਸਕਦਾ ਕਿਉਂਕਿ ਇਸ ਨਾਲ ਜਾਂਚ ਦੀ ਪਾਰਦਰਸ਼ਤਾ ਪ੍ਰਭਾਵਿਤ ਹੁੰਦੀ ਹੈ।

7. ਕਿੳਕਿ ਇਹ ਜਾਂਚ ਪਿਛਲੇ ਸਾਲਾਂ ਵਿੱਚ ਘੱਟ ਹੋਏ ਪਾਵਨ ਸਰੂਪਾਂ ਨਾਲ ਸੰਬੰਧਿਤ ਹੈ ਇਸ ਲਈ ਪਿਛਲੀਆਂ Balance Sheets ਅਤੇ Audit Reports ਵਿੱਚ ਵੀ ਘਪਲੇ ਹਨ।ਪਾਵਨ ਸਰੂਪਾਂ ਦੀ ਮੌਜੂਦਗੀ ਅਤੇ ਘੱਟ ਗਿਣਤੀ ਦਾ ਬਿਉਰਾ Balance Sheets ਵਿੱਚ ਨਹੀਂ ਮਿਲਦਾ।ਜਿਸਦੇ ਲਈ Auditor ਐਸ ਐਸ ਕੋਹਲੀ ਜ਼ੁੰਮੇਵਾਰ ਹਨ।ਆਪ ਵੱਲੋਂ ਉਸਨੂੰ ਹੁਣ ਤੱਕ ਬਲੈਕ ਲਿਸਟਿਡ ਕਰਨਾ ਬਣਦਾ ਸੀ ਜੋ ਨਹੀਂ ਕੀਤਾ ਗਿਆ।

8. ਪੰਥਕ ਹਿਤਾਂ ਦੇ ਮੰਦੇਨਜਰ  ਅੰਤ ਵਿੱਚ ਇਕ ਜਾਣਕਾਰੀ ਆਪ ਨਾਲ  ਸਾਂਝੀ ਕਰ ਰਹੇ ਹਾਂ ਕਿ ਆਪ ਦੇ ਨਜਦੀਕੀ ਸਲਾਹਕਾਰਾਂ ਵਿੱਚੋਂ ਕਿਸੇ ਨੇ ਬਾਦਲਕਿਆਂ ਨਾਲ ਮਿਲ ਕੇ ਅਪਣੀ ਤਰੱਕੀ ਲਈ ਡੀਲ ਫਾਇਨਲ ਕਰ ਲਈ ਹੈ। ਆਪ ਨੂੰ ਇਹੋ ਜਿਹੇ ਬੰਦਿਆਂ ਤੋਂ ਸੁਚੇਤ ਰਹਿਣਾ ਦੀ ਲੋੜ ਹੈ।

ਇਸ ਮੌਕੇ ਗੁਰੂ ਪੰਥ ਦੇ ਦਾਸ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਮੈਂਬਰ,  ਐਡਵੋਕੇਟ ਅਮਰ ਸਿੰਘ ਚਾਹਲਪ੍ਰੋਫੈਸਰ ਬਲਜਿੰਦਰ ਸਿੰਘਬਾਪੂ ਗੁਰਚਰਨ ਸਿੰਘਮਹਾਂਬੀਰ ਸਿੰਘ ਸੁਲਤਾਨਵਿੰਡ ਸੁਖਰਾਜ ਸਿੰਘ ਵੇਰਕਾ ਜਸਪਾਲ ਸਿੰਘ ਪੁਤਲੀਘਰ ਹਾਜ਼ਰ ਸਨ।

Published by:Ashish Sharma
First published:

Tags: Jagtar singh Hawara