• Home
 • »
 • News
 • »
 • punjab
 • »
 • HEALTH AND SANITATION COMMITTEES ARE ACTIVE IN THE VILLAGES OF DERA BASSI TO REDUCE THE SPREAD OF DENGUE LOCAL18

ਡੇਂਗੂ ਦੇ ਪਸਾਰ ਨੂੰ ਘੱਟ ਕਰਨ ਲਈ ਡੇਰਾਬੱਸੀ ਦੇ ਪਿੰਡਾਂ 'ਚ ਸਿਹਤ ਤੇ ਸੈਨੀਟੇਸ਼ਨ ਕਮੇਟੀਆਂ ਸਰਗਰਮ

ਵੱਡੇ ਪੱਧਰ ਉਤੇ ਕਾਰਵਾਈ ਕਰਦਿਆਂ ਛੇ ਪਿੰਡਾਂ ਦੀ ਪਛਾਣ ਕੀਤੀ, 

ਡੇਰਾਬੱਸੀ ਦੇ ਪਿੰਡਾਂ ਵਿੱਚ ਫੌਗਿੰਗ ਕੀਤੇ ਜਾਣ ਦਾ ਦ੍ਰਿਸ਼।

ਡੇਰਾਬੱਸੀ ਦੇ ਪਿੰਡਾਂ ਵਿੱਚ ਫੌਗਿੰਗ ਕੀਤੇ ਜਾਣ ਦਾ ਦ੍ਰਿਸ਼।

 • Share this:
  ਕਰਨ ਵਰਮਾ, ਮੋਹਾਲੀ
  ਡੇਰਾਬੱਸੀ ਬਲਾਕ ਵਿੱਚ ਡੇਂਗੂ ਫੈਲਣ ਦੀਆਂ ਰਿਪੋਰਟਾਂ ਮਗਰੋਂ ਪ੍ਰਸ਼ਾਸਨ ਨੇ ਵੱਡੇ ਪੱਧਰ ਉਤੇ ਕਾਰਵਾਈ ਕਰਦਿਆਂ ਉਨ੍ਹਾਂ ਛੇ ਪਿੰਡਾਂ ਦੀ ਪਛਾਣ ਕੀਤੀ, ਜਿੱਥੇ ਡੇਂਗੂ ਨੇ ਜ਼ਿਆਦਾ ਅਸਰ ਕੀਤਾ ਹੈ। ਇਨ੍ਹਾਂ ਪਿੰਡਾਂ ਵਿੱਚ ਸਿਹਤ ਤੇ ਸੈਨੀਟੇਸ਼ਨ ਕਮੇਟੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ।

  ਇਹ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਪਰਨੀਤ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਜਿਨ੍ਹਾਂ ਛੇ ਪਿੰਡਾਂ ਦੀ ਪਛਾਣ ਕੀਤੀ ਹੈ, ਉਨ੍ਹਾਂ ਵਿੱਚ ਤਸਿੰਬਲੀ, ਹਮਾਯੂੰਪੁਰ, ਝਰਮੜੀ, ਫਤਹਿਪੁਰ ਜੱਟਾਂ, ਕੂੜਾਂਵਾਲਾ ਅਤੇ ਅਮਲਾਲਾ ਸ਼ਾਮਲ ਹਨ। ਇਨ੍ਹਾਂ ਪਿੰਡਾਂ ਵਿੱਚ ਸਿਹਤ ਤੇ ਸੈਨੀਟੇਸ਼ਨ ਕਮੇਟੀਆਂ ਕਾਇਮ ਕਰ ਕੇ ਉਨ੍ਹਾਂ ਨੂੰ ਕਾਰਜਸ਼ੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਨਾਲ ਪਿੰਡਾਂ ਵਿੱਚ ਛੱਪੜਾਂ ਤੇ ਹੋਰ ਜਿਨ੍ਹਾਂ ਥਾਵਾਂ ਉਤੇ ਪਾਣੀ ਖੜ੍ਹਾ ਹੈ, ਉਥੇ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੇ ਛੱਪੜਾਂ ਵਿੱਚ ਗੰਬੂਜੀਆਂ ਮੱਛੀਆਂ ਛੱਡੀਆਂ ਗਈਆਂ ਹਨ।

  ਪਰਨੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਇਨ੍ਹਾਂ ਛੇ ਪਿੰਡਾਂ ਦੇ ਸਾਰੇ ਘਰਾਂ ਦਾ ਸਰਵੇਖਣ ਵੀ ਕਰਵਾਇਆ ਗਿਆ, ਜਿਸ ਦੌਰਾਨ ਪਿੰਡ ਤਸਿੰਬਲੀ ਵਿੱਚ 80 ਘਰਾਂ, ਹਮਾਯੂੰਪੁਰ ਵਿੱਚ 25 ਘਰਾਂ, ਝਰਮੜੀ ਵਿੱਚ 34 ਘਰਾਂ, ਫਤਹਿਪੁਰ ਜੱਟਾਂ ਵਿੱਚ 62 ਘਰਾਂ, ਕੂੜਾਂਵਾਲਾ ਵਿੱਚ 38 ਘਰਾਂ ਅਤੇ ਅਮਲਾਲਾ ਵਿੱਚ 57 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਫੌਗਿੰਗ ਵੀ ਕਰਵਾਈ ਗਈ ਹੈ।

  ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਪ੍ਰਭਾਵਿਤ ਏਰੀਏ ਕੈਂਪ ਮੁਬਾਰਿਕਪੁਰ, ਕੂੜਾਂਵਾਲ ਅਤੇ ਬਰੌਲੀ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਗਏ। ਜਿੱਥੇ ਬੁਖਾਰ ਵਾਲੇ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈਆਂ ਵੰਡੀਆਂ ਗਈਆ। ਇਸ ਮੌਕੇ ਐੱਸ.ਐੱਮ.ਓ. ਡਾ ਸੰਗੀਤਾ ਜੈਨ ਨੇ ਦੱਸਿਆ ਕਿ ਸਿਹਤ ਵਿਭਾਗ ਡੇਂਗੂ ਦੇ ਖ਼ਤਰੇ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕ ਰਿਹਾ ਹੈ, ਜਿਸ ਤਹਿਤ ਬਲਾਕ ਦੇ ਵੱਖ-ਵੱਖ ਸਰਕਾਰੀ ਦਫਤਰਾਂ ਸਮੇਤ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਡੇਂਗੂ ਰੋਕੂ ਸਰਵੇਖਣ ਕੀਤਾ ਜਾ ਰਿਹਾ ਹੈ।

  ਸਿਹਤ ਵਿਭਾਗ ਦੀਆਂ ਟੀਮ ਵੱਲੋਂ ਘਰਾਂ ਵਿੱਚ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਐਲਾਨਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਮੱਛਰ ਕਾਰਨ ਪੈਦਾ ਹੋਣ ਵਾਲੀਆਂ ਥਾਵਾਂ ਜਿਵੇਂ ਖਾਲੀ ਭਾਂਡੇ, ਗਮਲੇ, ਟਾਇਰ, ਕੂਲਰ ਆਦਿ ਵਿੱਚ ਪਾਣੀ ਜਮ੍ਹਾਂ ਹੋਣ ਤੋਂ ਰੋਕਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

  ਐਸ.ਐਮ.ਓ ਨੇ ਦੱਸਿਆ ਕਿ ਇਕ ਹਫ਼ਤੇ ਵਿੱਚ ਇਕ ਆਂਡੇ ਤੋਂ ਮੱਛਰ ਬਣ ਜਾਂਦਾ ਹੈ। ਇਕ ਚੱਮਚ ਪਾਣੀ `ਚ ਵੀ ਇਹ ਮੱਛਰ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜ਼ਿਆਦਾਤਰ ਸਵੇਰ ਅਤੇ ਸ਼ਾਮ ਨੂੰ ਕੱਟਦਾ ਹੈ। ਇਸ ਲਈ ਸਵੇਰ ਅਤੇ ਸ਼ਾਮ ਵੇਲੇ ਖ਼ਾਸ ਤੌਰ ਤੇ ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ ਤਾਂ ਜੋ ਸਰੀਰ ਦਾ ਕੋਈ ਵੀ ਅੰਗ ਨੰਗਾ ਨਾ ਰਹੇ, ਜਿਸ ਤੇ ਮੱਛਰ ਲੜ ਸਕੇ।ਰਾਤ ਨੂੰ ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਰੋਕੂ ਕਰੀਮਾਂ ਤੇ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
  Published by:Gurwinder Singh
  First published: