Home /News /punjab /

ਸਿਹਤ ਮੰਤਰੀ ਵੱਲੋਂ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ 'ਕੇਅਰ ਕੰਪੈਨੀਅਨ ਪ੍ਰੋਗਰਾਮ' ਦੀ ਸ਼ੁਰੂਆਤ

ਸਿਹਤ ਮੰਤਰੀ ਵੱਲੋਂ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ 'ਕੇਅਰ ਕੰਪੈਨੀਅਨ ਪ੍ਰੋਗਰਾਮ' ਦੀ ਸ਼ੁਰੂਆਤ

 file photo

file photo

ਲੋਕਾਂ ਦੀ ਸਹੂਲਤ ਲਈ ਇੱਕ ਆਈਵੀਆਰ/ਵਟਸਐਪ ਨੰਬਰ 080-47180443 ਵੀ ਜਾਰੀ ਕੀਤਾ

  • Share this:

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਸਿਹਤ ਸੰਭਾਲ ਖੇਤਰ ਨੂੰ ਪ੍ਰਮੁੱਖ ਤਰਜੀਹ ਦਿੱਤੇ ਜਾਣ ਦੇ ਮੱਦੇਨਜ਼ਰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਸੂਬਾ ਸਰਕਾਰ ਦੇ ਸਿਹਤ ਜਾਗਰੂਕਤਾ ਯਤਨਾਂ ਨੂੰ ਹੋਰ ਹੁਲਾਰਾ ਦੇਣ ਲਈ ‘ਕੇਅਰ ਕੰਪੇਨੀਅਨ ਪ੍ਰੋਗਰਾਮ (ਸੀਸੀਪੀ)’ ਦੀ ਸ਼ੁਰੂਆਤ ਕੀਤੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ  ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਸੂਬੇ ਭਰ ਵਿੱਚ ਬਿਹਤਰ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਇਹ ਪ੍ਰੋਗਰਾਮ ਸੂਬਾ ਸਰਕਾਰ ਦੀ ਇੱਕ ਪਹਿਲਕਦਮੀ ਹੈ ਜਿਸਦਾ ਉਦੇਸ਼ ਇਸ ਵਿੱਚ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕਰਨਾ ਹੈ। ਉਹਨਾਂ ਕਿਹਾ ਕਿ ਇਹਨਾਂ ਮੈਂਬਰਾਂ ਨੂੰ ਬੁਨਿਆਦੀ ਡਾਕਟਰੀ ਸਹੂਲਤਾਂ ਦੀ ਸਿਖਲਾਈ ਦਿੱਤੀ ਜਾਵੇਗੀ ਜੋ ਮਰੀਜ਼ ਦੀ ਸਿਹਤਯਾਬੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਸ. ਜੌੜਾਮਾਜਰਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿਸਨੇ ਇਸ ਪ੍ਰੋਗਰਾਮ ਦਾ ਵਿਸਥਾਰ ਮਾਂ ਅਤੇ ਬੱਚੇ ਦੀ ਸਿਹਤ ਤੋਂ ਇਲਾਵਾ ਮੈਡੀਕਲ ਅਤੇ ਸਰਜੀਕਲ ਇਨ-ਪੇਸ਼ੈਟ ਕੇਅਰ ਦੇ ਖੇਤਰ ਤੱਕ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਲੋਕਾਂ ਨੂੰ ਜ਼ਰੂਰੀ ਬੁਨਿਆਦੀ ਸਿਹਤ ਅਭਿਆਸਾਂ ਬਾਰੇ ਸਿੱਖਿਅਤ ਕਰਨ ਵਿੱਚ ਮਦਦ ਕਰਦਾ ਹੈ ਤਾਂ ਜੋ ਉਹ ਆਪਣੀ ਸਿਹਤ ਅਤੇ ਤੰਦਰੁਸਤੀ ਦਾ ਖੁਦ ਖਿਆਲ ਰੱਖ ਸਕਣ।

ਸਿਹਤ ਮੰਤਰੀ ਨੇ ਇੱਕ ਆਈਵੀਆਰ/ਵਟਸਐਪ ਨੰਬਰ 080-47180443 ਵੀ ਲਾਂਚ ਕੀਤਾ, ਜਿਸ ਰਾਹੀਂ ਕੋਈ ਵੀ ਵਿਅਕਤੀ ਸਿਹਤ ਸੰਦੇਸ਼ਾਂ ਲਈ ਸਬਸਕ੍ਰਾਇਬ ਕਰ ਸਕਦਾ ਹੈ ਅਤੇ ਇਹ ਸੰਦੇਸ਼ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਹਫ਼ਤੇ ਵਿੱਚ ਤਿੰਨ ਵਾਰ ਪ੍ਰਾਪਤ ਹੋਣਗੇ। ਇਹ ਸੇਵਾ ਪੂਰੀ ਤਰ੍ਹਾਂ ਮੁਫਤ ਹੈ ਅਤੇ ਕੋਈ ਵੀ ਮਿਆਦ ਪੂਰੀ ਹੋਣ 'ਤੇ ਲਈ ਮੁੜ ਸਬਸਕ੍ਰਾਇਬ ਕਰ ਸਕਦਾ ਹੈ।

ਇਹ ਸੁਨੇਹੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਾਲੇ ਰਵੱਈਏ ਨੂੰ ਉਤਸ਼ਾਹਿਤ ਕਰਨਗੇ ਅਤੇ ਉਨ੍ਹਾਂ ਨੂੰ ਸਿਹਤ ਪ੍ਰਤੀ ਮਾੜੀਆਂ ਆਦਤਾਂ ਛੱਡਣ ਲਈ ਪ੍ਰੇਰਿਤ ਕਰਨਗੇ। ਮੰਤਰੀ ਨੇ ਇੱਕ ਜਾਗਰੂਕਤਾ ਵੀਡੀਓ ਵੀ ਜਾਰੀ ਕੀਤੀ ਅਤੇ ਉਨ੍ਹਾਂ ਨੇ ਇਹ ਸ਼ਾਨਦਾਰ ਪਹਿਲਕਦਮੀ ਲੈ ਕੇ ਆਉਣ ਲਈ ਸਬੰਧਤ ਪ੍ਰੋਗਰਾਮ ਅਫਸਰ ਡਾ. ਬਲਜੀਤ ਕੌਰ ਅਤੇ ਗੈਰ ਸਰਕਾਰੀ ਸੰਗਠਨ ਨੂਰਾ ਹੈਲਥ ਐਂਡ ਯੋਸਏਡ ਇਨੋਵੇਸ਼ਨ ਫਾਊਂਡੇਸ਼ਨ ਦੇ ਸ਼ਾਹਿਦ ਆਲਮ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜੋ ਕਿ ਲੋਕਾਂ ਵਿੱਚ ਸਿਹਤ ਜਾਗਰੂਕਤਾ ਵਧਾਉਣ ਲਈ ਅਹਿਮ ਸਾਬਤ ਹੋਵੇਗਾ।

ਐਨ.ਐਚ.ਐਮ. ਦੇ ਮਿਸ਼ਨ ਡਾਇਰੈਕਟਰ ਅਭਿਨਵ ਤ੍ਰਿਖਾ ਨੇ ਜ਼ੋਰ ਦਿੰਦਿਆ ਕਿਹਾ ਕਿ ਇਹ ਪ੍ਰੋਗਰਾਮ ਬਹੁਤ ਸੋਚ ਵਿਚਾਰ ਕੇ ਤਿਆਰ ਕੀਤੀ ਗਿਆ ਹੈ ਜਿਸਦਾ ਉਦੇਸ਼ ਪ੍ਰਮੋਟਿਵ ਅਤੇ ਪ੍ਰੀਵੈਂਟਿਵ ਹੈਲਥ ਨੂੰ ਮਜ਼ਬੂਤ ਕਰਨਾ ਹੈ। ਸੀਸੀਪੀ ਨੂੰ ਸਥਾਨਕ ਸਿਹਤ ਮੁੱਦਿਆਂ ਜਿਵੇਂ ਕਿ ਕੋਵਿਡ, ਮਲੇਰੀਆ, ਡੇਂਗੂ, ਆਇਓਡੀਨ ਦੀ ਘਾਟ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਪਲੇਟਫਾਰਮ ਵਜੋਂ ਵੀ ਵਰਤਿਆ ਜਾ ਰਿਹਾ ਹੈ ਅਤੇ ਹੈਲਥ ਫੈਸਿਲਟੀ ਲੈਵਲ 'ਤੇ ਸਿਹਤ ਜਾਗਰੂਕਤਾ ਸਮੱਗਰੀ ਵੀ ਪ੍ਰਦਾਨ ਕੀਤੀ ਜਾਵੇਗੀ।


ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਰਣਜੀਤ ਸਿੰਘ ਘੋਤੜਾ ਨੇ ਸਿਹਤ ਮੰਤਰੀ ਨੂੰ ਇਸ ਨਵੀਂ ਪਹਿਲਕਦਮੀ ਨੂੰ ਸਫਲਤਾਪੂਰਵਕ ਲਾਗੂ ਕਰਨ ਦਾ ਭਰੋਸਾ ਦਿਵਾਇਆ ਅਤੇ ਨਰਸਾਂ ਅਤੇ ਸਿਹਤ ਸੰਭਾਲ ਸਟਾਫ ਸੀਸੀਪੀ ਸੈਸ਼ਨਾਂ ਰਾਹੀਂ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸਿੱਖਿਆ ਤੋਂ ਵਾਂਝੇ ਨਾ ਰਹਿਣ।

ਇਸ ਮੌਕੇ ਡਾਇਰੈਕਟਰ ਐਨ.ਐਚ.ਐਮ ਡਾ.ਐਸ.ਪੀ.ਸਿੰਘ, ਡਿਪਟੀ ਡਾਇਰੈਕਟਰਜ਼ ਅਤੇ ਹੋਰ ਸਿਹਤ ਅਧਿਕਾਰੀ ਵੀ ਹਾਜ਼ਰ ਸਨ।

Published by:Ashish Sharma
First published:

Tags: Chetan, Chetan Singh Jaudamajra, Punjab government