ਚੰਡੀਗੜ੍ਹ- ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮਿਲਾਵਟਖੋਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ 14 ਕੁਇੰਟਲ ਹੋਰ ਮਿਲਾਵਟੀ ਭੋਜਨ ਪਦਾਰਥ ਜ਼ਬਤ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ 7 ਕੁਇੰਟਲ 80 ਕਿਲੋ ਨਕਲੀ ਪਨੀਰ ਜ਼ਬਤ ਕਰਨ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਕਸਬੇ ਵਿੱਚ 6 ਕੁਇੰਟਲ 20 ਕਿਲੋ ਪਨੀਰ ਜ਼ਬਤ ਕੀਤਾ ਹੈ। ਇਸ ਦੌਰਾਨ ਸਿਹਤ ਵਿਭਾਗ ਦੀਆਂ ਅੰਤਰ-ਜ਼ਿਲ੍ਹਾ ਟੀਮਾਂ ਨੇ ਵੀ ਦੋ ਦਿਨਾਂ ਵਿੱਚ 13 ਜ਼ਿਲ੍ਹਿਆਂ ਵਿੱਚ ਦੁੱਧ, ਪਨੀਰ, ਖੋਆ, ਪਾਊਡਰ ਵਾਲੇ ਦੁੱਧ, ਘਿਓ ਅਤੇ ਹੋਰ ਖੁਰਾਕੀ ਵਸਤਾਂ ਦੇ 110 ਸੈਂਪਲ ਲਏ ਹਨ, ਜਿਨ੍ਹਾਂ ਨੂੰ ਜਾਂਚ ਲਈ ਸਟੇਟ ਫੂਡ ਲੈਬ ਵਿੱਚ ਭੇਜਿਆ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਮਿਲਾਵਟੀ ਜਾਂ ਨਕਲੀ ਭੋਜਨ ਪਦਾਰਥ ਵੇਚ ਕੇ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਵਿਜੇ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਘਟੀਆ ਦਰਜੇ ਦੇ ਪਨੀਰ ਦੀ ਸਪਲਾਈ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਇੱਕ ਸੂਚਨਾ ਦੇ ਆਧਾਰ `ਤੇ ਜ਼ਿਲ੍ਹਾ ਸੰਗਰੂਰ ਦੀ ਟੀਮ ਨੇ ਮੁਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਸਵੇਰੇ 4 ਵਜੇ ਨਾਕੇ ਲਾਏ। ਨਾਕੇ ਦੌਰਾਨ ਬਾਹਰਲੇ ਜਿਲ੍ਹੇ ਤੋਂ ਪਨੀਰ ਸਪਲਾਈ ਕਰਨ ਆਈ ਗੱਡੀ ਵਿੱਚੋਂ ਪਨੀਰ ਦਾ ਸੈਂਪਲ ਭਰਨ ਉਪਰੰਤ 7 ਕੁਇੰਟਲ 80 ਕਿਲੋ ਦਾ ਸਟਾਕ ਜ਼ਬਤ ਕੀਤਾ ਗਿਆ। ਟੀਮ ਨੇ ਪਨੀਰ ਬਣਾਉਣ ਵਾਲੀ ਇਕਾਈ `ਤੇ ਵੀ ਛਾਪਾ ਮਾਰਿਆ ਜੋ ਪਨੀਰ ਦੀ ਸਪਲਾਈ ਕਰਨ `ਚ ਸ਼ਾਮਲ ਸੀ। ਇਸ ਤੋਂ ਇਲਾਵਾ ਟੀਮ ਵੱਲੋਂ ਜ਼ਿਲ੍ਹਾ ਮੁਹਾਲੀ ਵਿਖੇ ਵੱਖ ਵੱਖ ਕਾਰਖਾਨਿਆਂ ਤੋਂ ਦੁੱਧ ਤੋਂ ਬਣੇ ਉਤਪਾਦਾਂ ਅਤੇ ਰੰਗਦਾਰ ਮਿਠਾਈਆਂ ਦੇ 8 ਹੋਰ ਸੈਂਪਲ ਭਰੇ ਗਏ।
ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਘਟੀਆ ਦਰਜੇ ਦੀਆਂ ਅਤੇ ਮਿਲਾਵਟੀ ਖੁਰਾਕੀ ਵਸਤਾਂ ਦੀ ਵਿਕਰੀ ਦਾ ਪਤਾ ਚਲਦਾ ਹੈ ਤਾਂ ਉਹ ਸੂਬਾ ਸਰਕਾਰ ਵੱਲੋਂ ਜਾਰੀ ਸ਼ਿਕਾਇਤ ਨਿਵਾਰਣ ਨੰਬਰ `ਤੇ ਤੁਰੰਤ ਜਾਣਕਾਰੀ ਦੇਣ। ਸਿਹਤ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਇੱਕੋ-ਇੱਕ ਉਦੇਸ਼ ਖੁਰਾਕੀ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਰੋਕਣਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਦੁੱਧ ਵੇਚਣ ਵਾਲਿਆਂ ਜਾਂ ਡੇਅਰੀ ਉਤਪਾਦਾਂ ਦੇ ਵਪਾਰੀਆਂ ਨੂੰ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cheese, Dr Vijay Singla, Health benefits, Raid