• Home
 • »
 • News
 • »
 • punjab
 • »
 • HIGH COURT SHOULD OVERSEE HIGH LEVEL PROBE INTO APPOINTMENT OF POLICE OFFICERS FOR MONEY AAP

ਹਾਈਕੋਰਟ ਦੀ ਦੇਖ-ਰੇਖ ’ਚ ਹੋਵੇ ‘ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੀ ਨਿਯੁਕਤੀ ਮਾਮਲੇ’ ਦੀ ਉਚ ਪੱਧਰੀ ਜਾਂਚ: ‘ਆਪ’

-ਪੁਲੀਸ ਪ੍ਰਸ਼ਾਸਨ ’ਚ ਪੈਸੇ ਲੈ ਕੇ ਹੋ ਰਹੇ ਟਰਾਂਸਫਰ- ਪੋਸਟਿੰਗ ਦੇ ਮਾਮਲੇ ਦੀ ਜਾਂਚ ਲਈ ‘ਆਪ’ ਨੇ ਲਿਖਿਆ ਰਾਜਪਾਲ ਨੂੰ ਚਿੱਠੀ

ਮੁੱਖ ਮੰਤਰੀ ਚੰਨੀ, ਗ੍ਰਹਿ ਮੰਤਰੀ ਰੰਧਾਵਾ ਅਤੇ ਕਾਂਗਰਸ ਪ੍ਰਧਾਨ ਸਿੱਧੂ ਦੀ ਚੁੱਪੀ ’ਤੇ ਚੁੱਕੇ ਸਵਾਲ (file photo)

 • Share this:
  ਚੰਡੀਗੜ੍ਹ- ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਸਾਥੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੀ ਟਰਾਂਸਫ਼ਰ ਪੋਸਟਿੰਗ ਦੇ ਮਾਮਲੇ ’ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਅਤੇ ਮੰਗ ਕੀਤੀ ਕਿ ਮਾਣਯੋਗ ਹਾਈਕੋਰਟ ਦੀ ਦੇਖ਼ ਰੇਖ ਵਿੱਚ ਇੱਕ ਉਚ ਪੱਧਰੀ ਜਾਂਚ ਏਜੰਸੀ ਕੋਲੋਂ ਸਮਾਂਬੱਧ ਜਾਂਚ ਕਰਵਾਈ ਜਾਵੇ।

  ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਇਹ ਬੇਹੱਦ ਗੰਭੀਰ ਮਾਮਲਾ ਹੈ ਕਿ ਇੱਕ ਮੰਤਰੀ ਆਪਣੇ ਸਾਥੀ ਗ੍ਰਹਿ ਮੰਤਰੀ ’ਤੇ ਪੈਸੇ ਲੈ ਕੇ ਐਸ.ਐਸ.ਪੀ (ਜ਼ਿਲ੍ਹਾ ਪੁਲੀਸ ਮੁੱਖੀ) ਨਿਯੁਕਤ ਕਰਨ ਦੇ ਦੋਸ਼ ਲਾ ਰਹੇ ਹਨ। ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੀ ਨਿਯੁਕਤੀ ਕਰਨਾ ਦੇਸ਼ ਅਤੇ ਰਾਜ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ। ਰਾਜ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ।

  ਚੀਮਾ ਨੇ ਕਿਹਾ ਕਿ ਜੇ ਇਸ ਮਾਮਲੇ ਦੀ ਜਾਂਚ ਨਿਰਪੱਖ ਅਤੇ ਸਮਾਂਬੱਧ ਨਹੀਂ ਕੀਤੀ ਗਈ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ, ਕਿਉਂਕਿ ਇੱਕ ਤਾਂ ਪੰਜਾਬ ਸਰਹੱਦੀ ਰਾਜ ਹੈ ਅਤੇ ਦੂਜੀ ਪਾਸੇ ਰਾਜ ’ਚ ਜਲਦੀ ਹੀ ਵਿਧਾਨ ਸਭਾ ਚੋਣਾ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਈ ਸਾਲਾਂ ਤੱਕ ‘ਕਾਲ਼ੇ ਦੌਰ’ ਨਾਲ ਲੜਦਾ ਰਿਹਾ ਹੈ। ਭਾਰੀ ਕੀਮਤ ਅਦਾ ਕਰਨ ਤੋਂ ਬਾਅਦ ਸਥਾਪਤ ਹੋਈ ਅਮਨ ਸ਼ਾਂਤੀ ਨੂੰ ਇਨ੍ਹਾਂ ਭ੍ਰਿਸ਼ਟ ਰਾਜਨੀਤਿਕ ਲੋਕਾਂ ਨੂੰ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ। ਹੁਣ ਪੰਜਾਬ ਇਸ ਮੋੜ ’ਤੇ ਖੜ੍ਹਾ ਹੈ ਕਿ ਰਾਜ ਦੇ ਲੋਕ ਇਸ ਤਰ੍ਹਾਂ ਦੇ ਕਿਸੇ ਵੀ ‘ਕਾਲ਼ੇ ਦੌਰ’ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਮਾਫੀਆ ਵਿੱਚ ਸ਼ਾਮਲ ‘ਕਾਲ਼ੀਆਂ ਭੇਡਾਂ’ ਅਤੇ ਉਨ੍ਹਾਂ ਦੇ ਰਾਜਨੀਤਿਕ ਸਰਪ੍ਰਸਤਾਂ ਦੇ ਨਾਂਅ ਪੰਜਾਬ ਦੇ ਲੋਕਾਂ ਸਾਹਮਣੇ ਆਉਣੇ ਚਾਹੀਦੇ ਹਨ।

  ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਰਾਜ ’ਚ ਮਾਫੀਆ ਸ਼ਾਸਨ ਦੇ ਦੋਸ਼ ਆਉਂਦੀ ਆ ਰਹੀ ਹੈ। ਚੰਨੀ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਤਾਂ ਬਸ ਸਾਡੇ ਦੋਸ਼ਾਂ ਨੂੰ ਹੀ ਸਹੀ ਸਿੱਧ ਕੀਤਾ ਹੈ। ਅਸੀਂ ਵਿਧਾਨ ਸਭਾ ਵਿੱਚ ਵੀ ਰਾਜ ’ਚ ਚੱਲ ਰਹੇ ਮਾਫ਼ੀਆ ਸ਼ਾਸਨ ਦੇ ਮੁੱਦੇ ਕਈ ਵਾਰ ਚੁੱਕੇ ਹਨ ਅਤੇ ਕਿਹਾ ਕਿ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ, ਵਿਧਾਇਕ ਤੇ ਸੱਤਾਧਾਰੀ ਦਲ ਕਾਂਗਰਸ ਦੇ ਕਈ ਆਗੂ ਮਾਫ਼ੀਆ ਦੇ ਕਾਰੋਬਾਰ ਵਿੱਚ ਸ਼ਾਮਲ ਹਨ।’’

  ਚੀਮਾ ਨੇ ਕਾਂਗਰਸ ਸਰਕਾਰ ’ਤੇ ਮਾਫੀਆ ਨੂੰ ਪ੍ਰਫੁੱਲਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਰਾਜ ਵਿੱਚ ਮਾਫੀਆ ਰਾਜ ’ਤੇ ਕੰਟਰੋਲ ਕਰਨ ਲਈ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਕਾਰਨ ਹੀ ਇਹ ਮੁੱਦਾ ਅੱਜ ਸਭ ਦੇ ਸਾਹਮਣੇ ਆਇਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚਾਰ ਪੰਜ ਦਿਨ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਬਾਰੇ ਚੁੱਪੀ ਵੱਟੀ ਬੈਠੇ ਹਨ। ਇਨਾਂ ਆਗੂਆਂ ਦੀ ਚੁੱਪੀ ਇਹ ਸਾਬਤ ਕਰਦੀ ਹੈ ਕਿ ਉਚ ਅਧਿਕਾਰੀਆਂ ਦੇ ਵੱਡੇ ਪੈਮਾਨੇ ’ਤੇ ਹੋ ਰਹੇ ਟਰਾਂਸਫ਼ਰ ਪੋਸਟਿੰਗ ਸੱਤਾ ਵਿੱਚ ਬੈਠੇ ਲੋਕਾਂ ਦੇ ਦਸਤਖ਼ਤ ਅਤੇ ਇਸ਼ਾਰੇ ’ਤੇ ਹੀ ਹੋ ਰਹੇ ਹਨ।

  ਬੇਰੁਜ਼ਗਾਰਾਂ ਪ੍ਰਤੀ ਕੈਪਟਨ ਅਤੇ ਬਾਦਲਾਂ ਜਿੰਨੀ ਹੀ ਬੇਰਹਿਮ ਹੈ ਚੰਨੀ ਸਰਕਾਰ: ਚੀਮਾ

  ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਬਠਿੰਡਾ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਅੱਖਾਂ ਸਾਹਮਣੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਤੇ ਕੀਤੇ ਗਏ ਪੁਲੀਸ ਤਸ਼ੱਦਦ ਦੀ ਸਖ਼ਤ ਨਿਖ਼ੇਧੀ ਕੀਤੀ ਹੈ। ਚੀਮਾ ਨੇ ਸਾਬਕਾ ਆਕਲੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਕਾਂਗਰਸੀ ਮੰਤਰੀ ਵਿਜੈਇੰਦਰ ਸਿੰਗਲਾ ਦੀਆਂ ਗਾਲ਼ਾਂ ਅਤੇ ਥੱਪੜਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਚ ਪੱਧਰੀ ਯੋਗਤਾ ਦੇ ਬਾਵਜੂਦ ਕਈ ਕਈ ਸਾਲਾਂ ਤੋਂ ਨੌਕਰੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਪ੍ਰਤੀ ਚੰਨੀ ਸਰਕਾਰ ਦਾ ਰਵਈਆ ਵੀ ਕੈਪਟਨ ਅਤੇ ਬਾਦਲਾਂ ਦੀਆਂ ਸਰਕਾਰਾਂ ਵਰਗਾ ਹੀ ਹੈ। ਚੀਮਾ ਨੇ ਮੁੱਖ ਮੰਤਰੀ ਦੇ ਸੁਰੱਖਿਆ ਕਰਮੀ ਵੱਲੋਂ ਸਾਰੀਆਂ ਹੱਦਾਂ ਪਾਰ ਕਰਕੇ ਬੇਰੁਜ਼ਗਾਰ ਲੜਕੇ ਲੜਕੀਆਂ ’ਤੇ ਢਾਹੇ ਤਸ਼ੱਦਦ ਲਈ ਮੁੱਖ ਮੰਤਰੀ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਅਜਿਹੇ ਅੱਥਰੇ ਅਫ਼ਸਰਾਂ ਦੀ ਵਰਦੀ ਲਹਾਉਣ ਲਈ ਹਰ ਸੰਭਵ ਲੜਾਈ ਲੜੇਗੀ ਤਾਂ ਕਿ ਹੋਰਨਾਂ ਨੂੰ ਸੀਮਾ ’ਚ ਰਹਿਣ ਦੀ ਸਿੱਖਿਆ ਮਿਲ ਸਕੇ।
  ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਬੰਧਿਤ ਪੁਲੀਸ ਅਧਿਕਾਰੀ ਵਿਰੁੱਧ ਆਮ ਆਦਮੀ ਪਾਰਟੀ ਲਿਖਤੀ ਰੂਪ ’ਚ ਡੀ.ਜੀ.ਪੀ. ਪੰਜਾਬ ਕੋਲ ਸ਼ਿਕਾਇਤ ਕਰੇਗੀ ਅਤੇ ਜ਼ਰੂਰਤ ਪਈ ਤਾਂ ਹਾਈਕੋਰਟ ਦਾ ਦਰਵਾਜਾ ਵੀ ਖੜਖੜਾਏਗੀ।
  Published by:Ashish Sharma
  First published: