ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੁੱਧਵਾਰ 'ਦੋਹਰੇ ਸੰਵਿਧਾਨ' ਮਾਮਲੇ ਵਿੱਚ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਨਾਲ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵੀ ਪੇਸ਼ ਹੋਏ। ਸੁਣਵਾਈ ਦੌਰਾਨ ਅੱਜ ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਤਰੀਕ 28 ਸਤੰਬਰ 'ਤੇ ਪਾ ਦਿੱਤੀ ਹੈ।
ਪੇਸ਼ੀ ਦੌਰਾਨ ਪੁਲਿਸ ਵੱਲੋਂ ਹੁਸ਼ਿਆਰਪੁਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਜ਼ਿਕਰਯੋਗ ਹੈ ਕਿ ਅਦਾਲਤ ਨੇ 'ਦੋਹਰੇ ਸੰਵਿਧਾਨ' ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਨੂੰ ਸੰਮਨ ਜਾਰੀ ਕੀਤੇ ਸਨ। ਸੰਮਨ ਰੱਦ ਕਰਨ ਲਈ ਤਿੰਨਾਂ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਗਈ ਸੀ, ਪਰੰਤੂ ਅਦਾਲਤ ਨੇ ਸੰਮਨ ਦੇ ਆਦੇਸ਼ ਨੂੰ ਰੱਦ ਕਰਨ ਦੀ ਅਰਜ਼ੀ 'ਤੇ ਅਕਾਲੀ ਦਲ ਨੂੰ ਝਟਕਾ ਦੇ ਦਿੱਤਾ ਸੀ। ਉਪਰੰਤ ਅੱਜ ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਚੀਮਾ ਹੁਸ਼ਿਆਰਪੁਰ ਅਦਾਲਤ ਵਿਖੇ ਪੇਸ਼ ਹੋਏ।
ਕੀ ਹੈ ਮਾਮਲਾ
ਦਸਣਾ ਬਣਦਾ ਹੈ ਕਿ ਬਲਵੰਤ ਸਿੰਘ ਖੇੜਾ ਨਾਮੀ ਇੱਕ ਵਿਅਕਤੀ ਨੇ 2009 ਵਿੱਚ ਹੁਸ਼ਿਆਰਪੁਰ ਅਦਾਲਤ ਵਿੱਚ ਦੋਹਰੇ ਸੰਵਿਧਾਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ। ਇਹ ਮਾਮਲਾ ਅਕਾਲੀ ਦਲ ਦੇ ਦੋ ਵੱਖ-ਵੱਖ ਪਾਰਟੀ ਸੰਵਿਧਾਨਾਂ ਨਾਲ ਸਬੰਧਤ ਹੈ। 2019 ਵਿੱਚ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਚੀਮਾ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਪਾਰਟੀ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਇਸ ਮਾਮਲੇ ਵਿੱਚ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਹਨ ਤੇ ਵੱਡੇ ਬਾਦਲ ਨੂੰ ਹਾਈਕੋਰਟ ਨੇ ਪੇਸ਼ੀ ਤੋਂ ਛੋਟ ਦਿੱਤੀ ਹੋਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akali Dal, Daljit Cheema, Punjab, Punjab politics, Shiromani Akali Dal, Sukhbir Badal