ਹੁਸ਼ਿਆਰਪੁਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਸੂਬਾ ਭਰ ਵਿੱਚ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਮੁੱਦੇ ਉਤੇ ਸੂਬਾ ਸਰਕਾਰ ਅਤੇ ਇਥੋਂ ਦੇ ਲੋਕ ਪਹਿਲਾਂ ਹੀ ਕਿਸਾਨਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰ ਚੁੱਕੇ ਹਨ।
ਪਿੰਡ ਮੁਖਲਿਆਣਾ ਵਿਖੇ 13 ਕਰੋੜ ਦੀ ਲਾਗਤ ਵਾਲੇ ਸਰਕਾਰੀ ਕਾਲਜ ਦਾ ਰੱਖਿਆ ਨੀਂਹ ਪੱਥਰ
ਅੱਜ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਮੁਖਲਿਆਣਾ ਵਿਚ 13.44 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਰੂਪ ਵਿਚ ਕਿਹਾ ਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਇਸ ਮਸਲੇ ਦੇ ਹੱਕ ਵਿਚ ਕਿਸਾਨਾਂ ਨਾਲ ਚਟਾਨ ਵਾਂਗ ਖੜ੍ਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੂੰੰ ਭਰੋਸਾ ਵਿਚ ਲਏ ਬਿਨ੍ਹਾਂ ਥੋਪ ਦੇਣ ਦੇ ਖਿਲਾਫ਼ ਸੂਬਾ ਭਰ ਵਿਚ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਪੰਜਾਬ ਵਿੱਚ 113 ਵੱਖ-ਵੱਖ ਥਾਵਾਂ ’ਤੇ ਕੀਤੇ ਜਾ ਰਹੇ ਪ੍ਰਦਰਸ਼ਨ ਕਿਸੇ ਵੀ ਤਰ੍ਹਾਂ ਸੂਬੇ ਦੇ ਹਿੱਤ ਵਿਚ ਨਹੀਂ ਹਨ ਕਿਉਂ ਜੋ ਇਸ ਨਾਲ ਸੂਬੇ ਦੀ ਆਰਥਿਕ ਤਰੱਕੀ ’ਤੇ ਵਰਨਣਯੋਗ ਪ੍ਰਭਾਵ ਪਿਆ ਹੈ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਸਬੰਧ ਵਿਚ ਕਿਸਾਨ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਕੁਝ ਵੀ ਸਾਡੀ ਸਰਕਾਰ ਦੇ ਹੱਥ-ਵੱਸ ਹੈ, ਅਸੀਂ ਉਸ ਨੂੰ ਹਮੇਸ਼ਾਂ ਪਹਿਲ ਦੇ ਆਧਾਰ ’ਤੇ ਕੀਤਾ ਹੈ। ਇਸ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਚੰਡੀਗੜ੍ਹ ਵਿਖੇ ਉਨ੍ਹਾਂ ਨੂੰ ਇਨ੍ਹਾਂ ਕਿਸਾਨ ਯੂਨੀਅਨਾਂ ਦੇ ਵੱਖ-ਵੱਖ ਨੇਤਾਵਾਂ ਦਾ ਵਫ਼ਦ ਮਿਲਿਆ ਸੀ ਜਿਸ ਨੇ ਗੰਨੇ ਦਾ ਭਾਅ 325 ਰੁਪਏ ਤੋਂ ਵਧਾ ਕੇ 360 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਨੇ ਇਸ ਮੰਗ ਨੂੰ ਉਸੇ ਵੇਲੇ ਪ੍ਰਵਾਨ ਕਰ ਲਿਆ ਸੀ।
ਕੇਂਦਰ ਦੇ ਮਾੜੇ ਵਤੀਰੇ ਕਾਰਨ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਵਿਚ ਕੀਤੀ ਜਾ ਰਹੀ ਬੇਲੋੜੀ ਦੇਰੀ ਉਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸੂਬੇ ਵਿਚ ਪ੍ਰਦਰਸ਼ਨ ਕਰਨ ਦੀ ਬਜਾਏ ਕੇਂਦਰ ਸਰਕਾਰ ’ਤੇ ਦਬਾਅ ਬਨਾਉਣਾ ਚਾਹੀਦਾ ਹੈ ਤਾਂ ਜੋ ਕਿ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ।
ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੁਖਲਿਆਣਾ ਵਿਖੇ ਬਨਣ ਵਾਲੇ ਨਵੇਂ ਸਰਕਾਰੀ ਕਾਲਜ ਦਾ ਨਾਂਅ ਮਹਾਨ ਸ਼ਖਸੀਅਤ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਨਾਂ ’ਤੇ ਰੱਖਿਆ ਜਾਵੇਗਾ।ਜ਼ਿਕਰਯੋਗ ਹੈ ਕਿ ਇਸ ਕਾਲਜ ਦੀ ਇਮਾਰਤ ਮਾਰਚ 2022 ਤੱਕ ਬਣ ਕੇ ਤਿਆਰ ਹੋ ਜਾਵੇਗੀ ਅਤੇ ਉਸ ਵੇਲੇ ਤੱਕ ਇਹ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰਾਜਪੁਰ ਭਾਈਆਂ ਵਿਖੇ ਆਰਜ਼ੀ ਇਮਾਰਤ ਵਿਚ ਇਸ ਅਕਾਦਮਿਕ ਸੈਸ਼ਨ ਤੋਂ ਕਾਰਜਸ਼ੀਲ ਹੋ ਜਾਵੇਗਾ।
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਤੋਂ ਪਹਿਲਾਂ ਸਮੁੱਚੇ ਵਿਕਾਸ ਕਾਰਜ ਮੁਕੰਮਲ ਕਰਨ ਦਾ ਐਲਾਨ
ਇੱਕ ਹੋਰ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਯਾਦਗਾਰ ਦੇ ਸਮੁੱਚੇ ਵਿਕਾਸ ਕੰਮ ਗੁਰੂ ਸਾਹਿਬ ਜੀ ਦੇ ਆਉਣ ਵਾਲੇ ਪ੍ਰਕਾਸ਼ ਉਤਸਵ ਤੋਂ ਪਹਿਲਾਂ ਹਰ ਹਾਲ ਵਿੱਚ ਮੁਕੰਮਲ ਕਰ ਲਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਲਜ ਯਕੀਨਨ ਤੌਰ ’ਤੇ ਕੰਢੀ ਇਲਾਕੇ ਦੇ ਵਿਕਾਸ ਵਿਚ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਸ ਇਲਾਕੇ ਦੇ ਆਰਥਿਕ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਉਨ੍ਹਾਂ ਨੇ ਇਸ ਕਾਲਜ ਦੀ ਸਥਾਪਨਾ ਲਈ ਉਚੇਰੀ ਸਿੱਖਿਆ ਵਿਭਾਗ ਨੂੰ ਵਧਾਈ ਦਿੰਦਿਆਂ ਹਲਕੇ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਇਲਾਕੇ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਨਾਉਣ ਲਈ ਅਥਾਹ ਯੋਗਦਾਨ ਪਾਇਆ।
ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਕਾਲਜ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਨੇ 17 ਹੋਰ ਨਵੇਂ ਕਾਲਜ ਖੋਲ੍ਹੇ ਹਨ ਅਤੇ ਇਨ੍ਹਾਂ ਸਾਰੇ 18 ਕਾਲਜਾਂ ਵਿਚ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਪੜ੍ਹਾਈ ਸ਼ੁਰੂ ਹੋ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਮੈਨੂੰ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿਚ ਹਰੇਕ ਸਬ-ਡਵੀਜ਼ਨ ਵਿਚ ਘੱਟੋ-ਘੱਟ ਇਕ ਡਿਗਰੀ ਕਾਲਜ ਦੇ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ।’’
ਕਰਜ਼ਾ ਮੁਆਫੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 4624 ਕਰੋੜ ਰੁਪਏ ਦੀ ਲਗਾਤ ਨਾਲ 5.64 ਲੱਖ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਖੇਤੀ ਕਰਜ਼ੇ ਮੁਆਫ ਕਰ ਦਿੱਤੇ ਹਨ ਅਤੇ ਇਸ ਤਰ੍ਹਾਂ ਇੱਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਦੇ ਪ੍ਰਤੀਕ ਵਜੋਂ 75 ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਸੌਂਪੇ। ਜ਼ਿਕਰਯੋਗ ਹੈ ਕਿ ਕਰਜ਼ਾ ਰਾਹਤ ਸਕੀਮ ਅਧੀਨ ਇਸ ਜ਼ਿਲ੍ਹੇ ਦੇ 46000 ਤੋਂ ਵੱਧ ਅਜਿਹੇ ਲਾਭਪਾਤਰੀਆਂ ਨੂੰ ਕਵਰ ਕੀਤਾ ਜਾਵੇਗਾ, ਜਿਨ੍ਹਾਂ ਦਾ 140 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Bharti Kisan Union, Captain Amarinder Singh, Central government, Farmers Protest, Kisan andolan, Punjab farmers, Punjab government, Punjab politics