ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਇਕ ਦਿਨ ਪਹਿਲਾਂ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਜਿਸ ’ਚ ਅਹਿਮ ਫੈਸਲੇ ਲਏ ਜਾਣਗੇ। ਸਭ ਤੋਂ ਵੱਡਾ ਫੈਸਲਾ ਤੇਲ ਕੀਮਤਾਂ ’ਚ ਕਟੌਤੀ ਸਬੰਧੀ ਹੋ ਸਕਦਾ ਹੈ ਕਿਉਂਕਿ ਗੁਆਂਢੀ ਸੂਬਿਆਂ ਨੇ ਕੀਮਤਾਂ ਵਿਚ ਕਟੌਤੀ ਕਰਕੇ ਸਰਕਾਰ ਉਤੇ ਦਬਾਅ ਵਧਾ ਦਿੱਤਾ ਹੈ।
ਬਿਜਲੀ ਸਮਝੌਤਿਆਂ ਅਤੇ ਇਨ੍ਹਾਂ ਬਾਰੇ ਵਾਈਟ ਪੇਪਰ ਲਿਆਏ ਜਾਣ ਨੂੰ ਵੀ ਹਰੀ ਝੰਡੀ ਮਿਲਣ ਦਾ ਅਨੁਮਾਨ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਬਿਜਲੀ ਸਮਝੌਤਿਆਂ ਅਤੇ ਮਹਿੰਗੀ ਬਿਜਲੀ ਬਾਰੇ ਵਾਈਟ ਪੇਪਰ ਲਿਆਉਣ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਚੁੱਕੇ ਹਨ।
ਕੈਬਨਿਟ ਮੀਟਿੰਗ ਵਿੱਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕੀਤੇ ਜਾਣ ਅਤੇ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਨੂੰ ਲੈ ਕੇ ਕੇਂਦਰੀ ਫੈਸਲੇ ਦੇ ਵਿਰੋਧ ਵਿੱਚ ਮਤੇ ਲਿਆਉਣ ਦੀ ਸੰਭਾਵਨਾ ਹੈ।
ਚੇਤੇ ਰਹੇ ਕਿ ਜ਼ਿਮਨੀ ਚੋਣਾਂ ਵਿੱਚ ਹਾਰ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਵਿੱਚ ਪ੍ਰਤੀ ਲਿਟਰ 10 ਰੁਪਏ ਦੀ ਕਟੌਤੀ ਕੀਤੀ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਮਗਰੋਂ ਹੁਣ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਟੈਕਸਾਂ ਵਿੱਚ ਕਟੌਤੀ ਕਰ ਦਿੱਤੀ ਹੈ ਜਿਸ ਮਗਰੋਂ ਪੰਜਾਬ ਨਾਲੋਂ ਤੇਲ ਗੁਆਂਢੀ ਸੂਬਿਆਂ ਵਿੱਚ ਸਸਤਾ ਹੋ ਗਿਆ ਹੈ।
ਕੇਂਦਰੀ ਫੈਸਲੇ ਮਗਰੋਂ ਹਰਿਆਣਾ ਸਰਕਾਰ ਨੇ ਡੀਜ਼ਲ ਦੋ ਰੁਪਏ ਅਤੇ ਪੈਟਰੋਲ 7 ਰੁਪਏ ਪ੍ਰਤੀ ਲਿਟਰ ਟੈਕਸ ਘਟਾ ਦਿੱਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ 7 ਰੁਪਏ ਪ੍ਰਤੀ ਲਿਟਰ ਕੀਮਤ ਵਿੱਚ ਕਟੌਤੀ ਕਰ ਦਿੱਤੀ ਹੈ।
ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੈਟਰੋਲ ਦੀ ਕੀਮਤ 7.5 ਫੀਸਦੀ ਅਤੇ ਡੀਜ਼ਲ 8 ਫੀਸਦੀ ਘਟਾ ਦਿੱਤਾ ਹੈ। ਪੰਜਾਬ ਵਿਚ ਹੁਣ ਪੈਟਰੋਲ 106.20 ਰੁਪਏ ਪ੍ਰਤੀ ਲਿਟਰ ਹੈ ਜਦੋਂ ਕਿ ਹਰਿਆਣਾ ਵਿੱਚ 94.93 ਰੁਪਏ, ਚੰਡੀਗੜ੍ਹ ਵਿੱਚ 94.23 ਰੁਪਏ, ਹਿਮਾਚਲ ਪ੍ਰਦੇਸ਼ ਵਿੱਚ 95.97 ਰੁਪਏ ਪ੍ਰਤੀ ਲਿਟਰ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਡੀਜ਼ਲ ਹੁਣ 89.83 ਰੁਪਏ ਪ੍ਰਤੀ ਲਿਟਰ, ਹਰਿਆਣਾ ਵਿੱਚ 86.57 ਰੁਪਏ, ਚੰਡੀਗੜ੍ਹ ਵਿੱਚ 80.90 ਰੁਪਏ ਅਤੇ ਹਿਮਾਚਲ ਵਿੱਚ 80.54 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, Petrol and diesel, Punjab government