ਕਿਸਾਨਾਂ ਦੇ ਸੈਂਕੜੇ ਕਾਫ਼ਲੇ ਦਿੱਲੀ-ਮੋਰਚਿਆਂ ਲਈ ਰਵਾਨਾ

News18 Punjabi | News18 Punjab
Updated: May 12, 2021, 4:17 PM IST
share image
ਕਿਸਾਨਾਂ ਦੇ ਸੈਂਕੜੇ ਕਾਫ਼ਲੇ ਦਿੱਲੀ-ਮੋਰਚਿਆਂ ਲਈ ਰਵਾਨਾ
ਕਿਸਾਨਾਂ ਦੇ ਸੈਂਕੜੇ ਕਾਫ਼ਲੇ ਦਿੱਲੀ-ਮੋਰਚਿਆਂ ਲਈ ਰਵਾਨਾ

ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ ਦੇ 223ਵੇਂ ਦਿਨ ਵੀ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰੈ। 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਸ਼ਮੂਲੀਅਤ ਜਾਰੀ ਹੈ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ :  ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਜਾਰੀ ਧਰਨਿਆਂ 'ਚ 'ਸਰਹਿੰਦ ਫਤਹਿ ਦਿਵਸ'ਮਨਾਇਆ ਗਿਆ ਅਤੇ ਸੂਬਾਈ ਆਗੂਆਂ ਦੀ ਅਗਵਾਈ 'ਚ ਸੂਬੇ ਭਰ 'ਚੋਂ ਕਿਸਾਨਾਂ ਦੇ ਸੈਂਕੜੇ ਕਾਫ਼ਲੇ ਦਿੱਲੀ ਦੇ ਕਿਸਾਨ-ਮੋਰਚਿਆਂ ਸਿੰਘੂ ਅਤੇ ਟਿਕਰੀ ਲਈ ਖਨੌਰੀ ਅਤੇ ਸ਼ੰਭੂ ਪੰਜਾਬ-ਹਰਿਆਣਾ ਬਾਰਡਰ ਤੋਂ ਰਵਾਨਾ ਹੋਏ।


ਕਿਸਾਨੀ-ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਕਾਰਨਾਮਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ 12 ਮਈ 1710 ਈਸਵੀਂ ਨੂੰ ਮੁਗਲ ਫੌਜਾਂ ਦਾ ਖ਼ਾਤਮਾ ਕਰਕੇ ਚੱਪੜਚਿੜੀ ਦੇ ਮੈਦਾਨ ’ਚੋਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਆਰੰਭੀ ਸੀ ਅਤੇ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਰਾ ਕੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਬਾਅਦ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਅਧਿਕਾਰ ਦਿੱਤੇ ਗਏ ਸੀ।

ਪੰਜਾਬ ਦੀ ਧਰਤੀ ਤੇ 'ਜਮੀਨ ਹਲਵਾਹਕ ਦੀ' ਦਾ ਨਾਹਰਾ ਬੁਲੰਦ ਕਰਨ ਵਾਲੇ ਅਤੇ ਹਜ਼ਾਰਾਂ ਏਕੜ ਜਮੀਨਾਂ ਦੇ ਮਾਲਕ ਜਗੀਰਦਾਰਾਂ ਕੋਲੋਂ ਜਮੀਨਾਂ ਖੋਹ ਕੇ ਕਾਸ਼ਤਕਾਰਾਂ ਵਿੱਚ ਵੰਡ ਪਹਿਲੇ ਬਰਾਬਰਤਾ ਵਾਲੇ ਸਮਾਜ ਦੀ ਨੀਂਹ ਰੱਖਣ ਵਾਲੇ ਸਿੱਖ ਜਰਨੈਲ ਸਨ। ਅੱਜ ਦੇ ਦੌਰ 'ਚ ਉਹਨਾਂ ਹੀ ਜਮੀਨਾਂ ਉੱਪਰ ਡਾਕੇ ਮਾਰਨ ਲਈ ਧੰਨਾਂ ਸੇਠਾਂ ਸਮੇਤ ਦੇਸੀ ਬਦੇਸ਼ੀ ਬਹੁਕੌਮੀ ਕੰਪਨੀਆਂ ਰੂਪੀ ਗਿਰਝਾਂ ਨੇ ਅੱਖ ਟਿਕਾਈ ਹੋਈ ਹੈ।


ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ ਦੇ 223ਵੇਂ ਦਿਨ ਵੀ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰੈ। 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਸ਼ਮੂਲੀਅਤ ਜਾਰੀ ਹੈ।


ਪੰਜਾਬ ਭਰ 'ਚ 108 ਥਾਵਾਂ- ਟੋਲ-ਪਲਾਜ਼ਿਆਂ, ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਲਗਾਤਾਰ ਕੇਂਦਰ-ਸਰਕਾਰ ਖ਼ਿਲਾਫ਼ ਵਰ੍ਹਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ-ਆਗੂਆਂ ਨੇ ਕਿਹਾ ਕਿ ਖੇਤੀਬਾੜੀ ਲਈ ਬਣਾਏ ਇਹ ਤਿੰਨ ਕਾਨੂੰਨ ਅਤੇ ਬਿਜਲੀ ਬਿੱਲ 2020 ਵੀ ਕੇਂਦਰ-ਸਰਕਾਰ ਦੀਆਂ ਗ਼ਰੀਬ ਵਿਰੋਧੀ ਨੀਤੀਆਂ ਦਾ ਅਗਲਾ ਕਦਮ ਹਨ। ਅੱਜ ਇਹ ਕਾਨੂੰਨ ਦੋਵਾਂ ਜ਼ਮੀਨਾਂ ਵਾਲੇ ਅਤੇ ਬੇਜ਼ਮੀਨੇ ਕਿਸਾਨਾਂ ਲਈ ਖਤਰਾ ਬਣ ਗਏ ਹਨ। ਖੇਤੀ ਦਾ ਇਹ ਨਵਾਂ ਢਾਂਚਾ ਬੇਜ਼ਮੀਨੇ ਅਤੇ ਗਰੀਬਾਂ ਲਈ ਹੋਰ ਵੀ ਖ਼ਤਰਨਾਕ ਹੈ, ਕਿਉਂਕਿ ਕੰਪਨੀਆਂ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਨਾਮ ਤੇ ਵੱਡੇ ਪੱਧਰ 'ਤੇ ਮਸ਼ੀਨਾਂ ਦੀ ਵਰਤੋਂ ਕਰਨਗੀਆਂ ਅਤੇ ਠੇਕੇ ਤੇ ਖੇਤੀ ਕਰਨ ਵਾਲਿਆਂ ਦਾ ਕੰਮ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।


ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਭਰ 'ਚੋਂ ਕਿਸਾਨਾਂ ਦੇ ਸੈਂਕੜੇ ਜਥੇ ਸ਼ੰਭੂ ਅਤੇ ਖਨੌਰੀ ਪੰਜਾਬ-ਹਰਿਆਣਾ ਬਾਰਡਰ ਰਾਹੀਂ ਦਿੱਲੀ ਲਈ ਰਵਾਨਾ ਹੋਏ। ਮੁਹਾਲੀ, ਸੰਗਰੂਰ, ਲੁਧਿਆਣਾ, ਮਾਨਸਾ, ਬਰਨਾਲਾ, ਪਟਿਆਲਾ, ਜਲੰਧਰ, ਨਵਾਂਸ਼ਹਿਰ ਅਤੇ ਰੋਪੜ ਜਿਲ੍ਹਿਆਂ ਦੇ ਕਿਸਾਨਾਂ ਨੇ ਟਰੈਕਟਰ-ਟਰਾਲੀਆਂ, ਬੱਸਾਂ, ਕਾਰਾਂ ਰਾਹੀਂ ਵੱਖ-ਵੱਖ ਥਾਵਾਂ 'ਤੇ ਇਕੱਠੇ ਹੁੰਦਿਆਂ ਕੇਂਦਰ-ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਣ ਕੀਤਾ ਕਿ ਖੇਤੀ-ਕਾਨੂੰਨ ਰੱਦ ਕਰਵਾਉਣ ਤੱਕ ਕੇਂਦਰ-ਸਰਕਾਰ ਖ਼ਿਲਾਫ਼ ਡਟੇ ਰਹਿਣਗੇ।


ਕਿਸਾਨ-ਆਗੂਆਂ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਸਮੇਤ ਪੰਜਾਬ ਅੰਦਰ ਵੱਖ-ਵੱਖ ਅਨੇਕਾਂ ਥਾਵਾਂ ਉੱਪਰ ਚੱਲ ਰਹੇ ਕਿਸਾਨ/ਲੋਕ ਸੰਘਰਸ਼ ਨੇ ਮੁਸ਼ਕਲਾਂ ਦਾ ਪੂਰੇ ਸਿਦਕ, ਦਲੇਰੀ ਅਤੇ ਸਬਰ ਨਾਲ ਟਾਕਰਾ ਕੀਤਾ ਹੈ। ਮੋਦੀ ਹਕੂਮਤ ਦੀ ਸੰਘਰਸ਼ ਵਿੱਚ ਪਾਟਕ ਪਾਉਣ ਦੀ ਹਰ ਸਾਜਿਸ਼ ਨੂੰ ਜਥੇਬੰਦਕ ਲੋਕ ਏਕੇ ਨਾਲ ਪਛਾੜਿਆ ਹੈ। ਸੰਘਰਸ਼ ਦੇ ਘੇਰੇ ਨੂੰ ਵਿਸ਼ਾਲ ਅਤੇ ਪੜਾਅਵਾਰ ਅੱਗੇ ਵੀ ਵਧਾਇਆ ਹੈ। ਸਮਾਜ ਦੇ ਵੱਖੋ-ਵੱਖ ਹਿੱਸਿਆਂ ਮਜਦੂਰਾਂ, ਮੁਲਾਜਮਾਂ, ਅੱਧ ਸੰਸਾਰ ਦੀਆਂ ਮਾਲਕ ਅੋਰਤਾਂ, ਸ਼ਹਿਰੀ ਮੱਧਵਰਗੀ ਲੋਕਾਂ, ਆੜ੍ਹਤੀਆਂ, ਛੋਟੇ ਵਪਾਰੀਆਂ, ਰੇੜ੍ਹੀ ਫੜ੍ਹੀ ਵਾਲੇ ਮਜਦੂਰਾਂ ਤੱਕ ਦਾ ਸਹਿਯੋਗ ਹਾਸਲ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ।ਕਿਸਾਨ ਸੰਘਰਸ਼ ਹੁਣ ਜਨ ਜਨ ਦਾ ਸੰਘਰਸ਼ ਬਣ ਗਿਆ ਹੈ।


ਕਿਸਾਨ-ਆਗੂਆਂ ਨੇ ਮੰਗ ਕੀਤੀ ਕਿ ਸਿਹਤ ਵਿਭਾਗ ਦੇ ਹੜਤਾਲੀ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦਾ ਫੈਸਲਾ ਬਿਨਾਂ ਸ਼ਰਤ ਵਾਪਸ ਲਿਆ ਜਾਵੇ , ਸਮੂਹ ਸਿਹਤ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਹਸਪਤਾਲਾਂ 'ਚ ਡਾਕਟਰਾਂ, ਸਟਾਫ਼ ਨਰਸਾਂ ਸਮੇਤ ਪੈਰਾ ਮੈਡੀਕਲ ਮੁਲਾਜ਼ਮਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਲੋੜ ਅਨੁਸਾਰ ਨਵੀਆਂ ਪੋਸਟਾਂ ਵੀ ਕੱਢੀਆਂ ਜਾਣ। ਸਰਕਾਰੀ ਹਸਪਤਾਲਾਂ, ਬੈੱਡਾਂ, ਵੈਂਟੀਲੇਟਰਾਂ, ਦਵਾਈਆਂ ਤੇ ਆਕਸੀਜਨ ਆਦਿ ਦੀ ਥੁੜ ਤੁਰੰਤ ਪੂਰੀ  ਕੀਤੀ ਜਾਵੇ। ਪ੍ਰਾਈਵੇਟ ਹਸਪਤਾਲਾਂ ਵੱਲੋਂ ਕਰੋਨਾ ਪੀੜਤ ਪਰਿਵਾਰਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਬੰਦ ਕੀਤੀ ਜਾਵੇ ਅਤੇ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ 'ਚ ਲੈ ਕੇ ਕਰੋਨਾ ਪੀੜਤਾਂ ਦੇ ਮੁਫ਼ਤ ਇਲਾਜ ਦੀ ਗਰੰਟੀ ਕੀਤੀ ਜਾਵੇ। ਸਿਹਤ ਸੇਵਾਵਾਂ ਦੇ ਵਿਸਥਾਰ ਲਈ ਵੱਡੀ ਪੱਧਰ 'ਤੇ ਬਜਟ ਜਾਰੀ ਕੀਤਾ ਜਾਵੇ।

Published by: Sukhwinder Singh
First published: May 12, 2021, 3:29 PM IST
ਹੋਰ ਪੜ੍ਹੋ
ਅਗਲੀ ਖ਼ਬਰ