
ਲੁਧਿਆਣਾ: ਸਾਈਬਰ ਠੱਗਾਂ ਦੇ ਖਿਲਾਫ ਪੁਲਿਸ ਸਖਤ, 325 ਨੰਬਰਾਂ ਦੀ ਹੋਈ ਪਛਾਣ
Cybercrime: ਸਾਈਬਰ ਧੋਖਾਧੜੀ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਕਰੀਬ 325 ਅਜਿਹੇ ਫਰਾਡ ਨੰਬਰਾਂ ਦੀ ਸ਼ਨਾਖਤ ਕੀਤੀ ਗਈ ਹੈ, ਜੋ ਕਿ ਧੋਖਾਧੜੀ ਦੀ ਸਿਖਰਲੀ ਸੂਚੀ ਵਿੱਚ ਸ਼ਾਮਲ ਹਨ। ਇਨ੍ਹਾਂ ਨੰਬਰਾਂ ਨਾਲ ਪੰਜਾਬ ਦੇ ਨਾਲ-ਨਾਲ ਦੂਜੇ ਰਾਜਾਂ ਵਿੱਚ ਵੀ ਅਪਰਾਧ ਚੱਲ ਰਿਹਾ ਹੈ।
ਇਨ੍ਹਾਂ ਨੰਬਰਾਂ ਦੀ ਆਈਡੀ ਦੀ ਪੁਸ਼ਟੀ ਕਰਨ ਅਤੇ ਇਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲੀਸ ਇਨ੍ਹਾਂ ਨੂੰ ਬਲਾਕ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਇਹ ਪ੍ਰੋਜੈਕਟ ਅਜੇ ਪਾਈਪਲਾਈਨ ਵਿੱਚ ਹਨ ਪਰ ਪੰਜਾਬ ਦੇ ਸਾਰੇ ਸਾਈਬਰ ਸੈੱਲਾਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਨੰਬਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ 'ਤੇ ਪਰਚੇ ਦਰਜ ਕਰਕੇ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ। ਅਸੀਂ ਬਹੁਤ ਸਾਰੇ ਲੋਕ ਠੀਕ ਵੀ ਕੀਤੇ ਹਨ, ਪਰ ਇਸ ਲਈ ਲੋਕਾਂ ਨੂੰ ਖੁਦ ਜਾਗਰੂਕ ਹੋਣ ਦੀ ਲੋੜ ਹੈ। ਸਾਡੇ ਵੱਲੋਂ ਆਨਲਾਈਨ ਅਤੇ ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਇਸ ਚੀਜ਼ 'ਚ ਠੱਗੀ ਦੇ ਸਭ ਤੋਂ ਵੱਧ ਮਾਮਲੇ
ਅੰਕੜਿਆਂ ਦੇ ਅਨੁਸਾਰ ਕ੍ਰੈਡਿਟ ਕਾਰਡ, ਵਿਦੇਸ਼ਾਂ ਤੋਂ ਤੋਹਫ਼ੇ, ਲਾਟਰੀ, ਆਨਲਾਈਨ ਸ਼ਾਪਿੰਗ ਅਤੇ ਕੋਰੀਅਰ ਦੇ ਨਾਂ 'ਤੇ ਹਰ ਮਹੀਨੇ 400 ਤੋਂ ਵੱਧ ਸ਼ਿਕਾਇਤਾਂ ਦਰਜ ਹੁੰਦੀਆਂ ਹਨ। ਅਜਿਹੇ 'ਚ ਇਕ ਮਹੀਨੇ 'ਚ ਲੁਧਿਆਣਾ 'ਚ 30 ਤੋਂ 32 ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ। ਪੰਜਾਬ ਦਾ ਇਕਲੌਤਾ ਜ਼ਿਲ੍ਹਾ ਲੁਧਿਆਣਾ ਹੈ, ਜਿਸ ਦੇ ਖਾਤਿਆਂ ਤੋਂ ਪਿਛਲੇ ਸਮੇਂ ਦੌਰਾਨ ਟਰਾਂਸਫਰ ਕੀਤੇ 30 ਲੱਖ ਤੋਂ ਵੱਧ ਦੀ ਰਿਕਵਰੀ ਹੋਈ ਹੈ, ਪਰ ਧੋਖੇਬਾਜ਼ ਇਨ੍ਹਾਂ ਨੰਬਰਾਂ ਦੀ ਵਰਤੋਂ ਵਾਰ-ਵਾਰ ਕਰ ਰਹੇ ਹਨ।
ਇਸ ਦੌਰਾਨ ਮਾਡਲ ਟਾਊਨ 'ਚ ਕਾਰੋਬਾਰੀ ਦੀ ਪਤਨੀ ਨੂੰ ਇੰਗਲੈਂਡ ਦਾ ਰਹਿਣ ਵਾਲਾ ਦੱਸ ਕੇ ਦੋਸਤੀ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹੀਰਿਆਂ ਦਾ ਸੈੱਟ ਤੋਹਫ਼ੇ ਵਜੋਂ ਭੇਜਣ ਦੇ ਬਹਾਨੇ ਕੋਰੀਅਰ ਦੇ ਕਸਟਮ ਅਤੇ ਹੋਰ ਵੇਰਵੇ ਪੂਰੇ ਕਰਵਾਉਣ ਦੇ ਬਹਾਨੇ ਵੱਖ-ਵੱਖ ਤਰੀਕੇ ਨਾਲ 5.10 ਲੱਖ ਰੁਪਏ ਨਿਕਲਵਾ ਲਏ। ਇਸ ਗਿਰੋਹ ਨੇ ਡਿਵੀਜ਼ਨ 7 ਖੇਤਰ ਵਿੱਚ ਰਹਿਣ ਵਾਲੀ ਪ੍ਰਾਈਵੇਟ ਨੌਕਰੀ ਕਰ ਰਹੀ ਇੱਕ ਔਰਤ ਨੂੰ ਵਿਆਹ ਦੇ ਬਹਾਨੇ ਨਾਗਾਲੈਂਡ ਬੁਲਾਉਣ ਦੀਆਂ ਗੱਲਾਂ ਵਿੱਚ ਉਲਝਾ ਲਿਆ। ਫਿਰ ਡਾਇਮੰਡ ਸੈੱਟ ਗਿਫਟ 'ਚ ਭੇਜਣ ਦੇ ਨਾਂ 'ਤੇ ਸਾਢੇ ਚਾਰ ਲੱਖ ਦੀ ਠੱਗੀ ਮਾਰੀ। ਇਸ ਤੋਂ ਇਲਾਵਾ ਇਹ ਗਿਰੋਹ ਲਾਟਰੀ ਦੇ ਨਾਂ ਜਲੰਧਰ, ਅੰਮ੍ਰਿਤਸਰ ਅਤੇ ਚੰਡੀਗੜ੍ਹ 'ਚ ਵੀ ਠੱਗਿਆ ਕਰ ਚੁੱਕਿਆ। ਖੈਰ, ਪੁਲਿਸ ਇਨ੍ਹਾਂ ਠੱਗਿਆ ਕਰਨ ਵਾਲਿਆਂ ਦੇ ਖਿਲਾਫ ਸਖਤ ਹੋ ਚੁੱਕੀ ਹੈ ਤੇ ਕੜੀ ਕਾਰਵਾਈ ਕਰ ਰਹੀ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।