ਪੰਜਾਬ ਦੇ ਕਾਲਜਾਂ ਵਿਚ ਚਲਾਈ ਜਾਵੇਗੀ ਟੀਕਾਕਰਨ ਮੁਹਿੰਮ

News18 Punjabi | News18 Punjab
Updated: July 5, 2021, 5:05 PM IST
share image
ਪੰਜਾਬ ਦੇ ਕਾਲਜਾਂ ਵਿਚ ਚਲਾਈ ਜਾਵੇਗੀ ਟੀਕਾਕਰਨ ਮੁਹਿੰਮ
ਪੰਜਾਬ ਦੇ ਕਾਲਜਾਂ ਵਿਚ ਚਲਾਈ ਜਾਵੇਗੀ ਟੀਕਾਕਰਨ ਮੁਹਿੰਮ

ਸਾਰੇ ਯੋਗ ਵਿਦਿਆਰਥੀਆਂ ਤੇ ਸਟਾਫ਼ ਨੂੰ ਜੁਲਾਈ ਮਹੀਨੇ 'ਚ ਲਗਾਏ ਜਾਣਗੇ ਟੀਕੇ

  • Share this:
  • Facebook share img
  • Twitter share img
  • Linkedin share img
ਸੂਬੇ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਰਾਜ ਸਰਕਾਰ ਵੱਲੋਂ ਜਲਦ ਹੀ ਪੰਜਾਬ ਦੇ ਕਾਲਜਾਂ ਦੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਸਮੇਤ ਪ੍ਰਸ਼ਾਸਕੀ ਅਤੇ ਅਕਾਦਮਿਕ ਸਟਾਫ਼ ਦੇ ਟੀਕਾਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ।

ਇਸ ਮੰਤਵ ਲਈ ਕਾਲਜਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ ਅਤੇ ਸਾਰੇ ਯੋਗ ਵਿਦਿਆਰਥੀਆਂ ਅਤੇ ਸਟਾਫ਼ ਨੂੰ ਜੁਲਾਈ ਵਿੱਚ ਵੈਕਸੀਨ ਦਾ ਪਹਿਲਾ ਟੀਕਾ ਲਾਇਆ ਜਾਵੇਗਾ। ਇਸ ਸਬੰਧੀ ਫੈਸਲਾ ਇਥੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਹੈਲਥ ਸੈਕਟਰ ਰਿਸਪਾਂਸ ਅਤੇ ਖਰੀਦ ਕਮੇਟੀ ਦੀ 96ਵੀਂ ਮੀਟਿੰਗ ਦੌਰਾਨ ਲਿਆ ਗਿਆ।

ਉਹਨਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਪਾਜ਼ੇਟਿਵ ਕੇਸਾਂ ਸਬੰਧੀ ਅੰਕੜਿਆਂ ਦੀ ਹਫ਼ਤਾਵਾਰੀ ਸਮੀਖਿਆ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ ‘ਤੇ ਇਕ ਟੀਮ ਨਿਯੁਕਤ ਕਰਨ ਲਈ ਕਿਹਾ ਤਾਂ ਜੋ ਸੂਬੇ ਵਿੱਚ ਕੋਵਿਡ ਦਾ ਖ਼ਤਰਾ ਵਧਣ ’ਤੇ ਲੋਕਾਂ ਨੂੰ ਸਮੇਂ ਸਿਰ ਸੁਚੇਤ ਕੀਤਾ ਜਾ ਸਕੇ।
ਉਹਨਾਂ ਨੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੂੰ ਕਿਹਾ ਕਿ ਕੋਵਿਡ-19 ਸਬੰਧੀ ਸਿਹਤ ਦੇ ਬੁਨਿਆਦੀ ਢਾਂਚੇ ਦੀ ਵਿਵਸਥਾ ਅਤੇ ਜਲਦ ਤੋਂ ਜਲਦ ਢੁਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਲਈ ਇਕ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ ਜਾਵੇ।

ਕੋਵਿਡ ਕੇਸਾਂ ਦੀ ਪਾਜ਼ੇਟੀਵਿਟੀ ਨੂੰ ਕਾਬੂ ਹੇਠ ਰੱਖਣ ਲਈ ਅਸਰਦਾਰ ਢੰਗ ਨਾਲ ਕੰਟੈਕਟ ਟਰੇਸਿੰਗ ਅਤੇ ਟੈਸਟਿੰਗ ‘ਤੇ ਜ਼ੋਰ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤਾ ਕਿ ਸਾਰੇ ਜ਼ਿਲ੍ਹਿਆਂ ਵੱਲੋਂ ਕੋਵਾ ਐਪ ’ਤੇ ਸਹੀ ਟੈਸਟਿੰਗ ਡਾਟਾ ਦਰਜ ਅਤੇ ਅਪਡੇਟ ਕੀਤਾ ਜਾਵੇ ਅਤੇ ਇਹ ਡਾਟਾ ਰੋਜ਼ਾਨਾ ਕੋਵਿਡ ਰਿਪੋਰਟ ਵਿੱਚ ਦਰਸਾਇਆ ਜਾਵੇ। ਉਹਨਾਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਹ ਕਾਰਜ ਮੁਕੰਮਲ ਕਰਨ ਹਿੱਤ ਇੱਕ ਅਧਿਕਾਰੀ ਨਿਯੁਕਤ ਕਰਨ ਲਈ ਕਿਹਾ।

ਉਹਨਾਂ ਸਿਹਤ ਵਿਭਾਗ ਨੂੰ ਸਾਰੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ (ਐਚ. ਡਬਲਯੂ. ਸੀ.) ਅਤੇ ਹੋਰ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਫ਼ਤਹਿ ਕਿੱਟਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕਿਹਾ ਅਤੇ ਇਸ ਸੰਬੰਧੀ ਰਿਪੋਰਟ ਪੇਸ਼ ਕਰਨ ਲਈ ਨਿਰਦੇਸ਼ ਵੀ ਦਿੱਤੇ।  ਇਸ ਤੋਂ ਇਲਾਵਾ, ਪੰਜਾਬ ਸਿਹਤ ਸੇਵਾਵਾਂ ਨਿਗਮ (ਪੀਐਚਐਸਸੀ) ਨੂੰ 2017 ਤੋਂ ਬਾਅਦ ਖਰੀਦੀਆਂ ਐਂਬੂਲੈਂਸਾਂ ਸਮੇਤ 270 ਐਂਬੂਲੈਂਸਾਂ ਦੀ ਫਲੀਟ ਤਿਆਰ ਕਰਨ ਅਤੇ ਵਰਤੋਂ ਲਈ ਅਯੋਗ ਪੁਰਾਣੀਆਂ ਐਂਬੂਲੈਂਸਾਂ ਨੂੰ ਨਕਾਰਾ ਕਰਨ ਦੀ ਹਦਾਇਤ ਕੀਤੀ ਗਈ।

ਵਾਇਰਸ ਨੂੰ ਠੱਲ੍ਹ ਪਾਉਣ ਲਈ ਢੁੱਕਵੇਂ ਸਿਹਤ ਸਟਾਫ਼, ਉਨ੍ਹਾਂ ਦੀ ਉਚਿਤ ਸਿਖਲਾਈ ਅਤੇ ਲੋੜੀਂਦੇ ਉਪਕਰਣਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਮੌਜੂਦਾ ਸਿਹਤ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਤੋਂ ਇਲਾਵਾ ਸੀ.ਐੱਚ.ਸੀ., ਪੀ.ਐਚ.ਸੀ ਅਤੇ ਟਰਾਮਾ ਸੈਂਟਰਾਂ ਵਾਲੀਆਂ ਨਵੀਆਂ ਸਿਹਤ ਸੰਸਥਾਵਾਂ ਸਥਾਪਤ ਕਰਨ ਦਾ ਕਾਰਜ ਜਲਦ ਹੀ ਮੁਕੰਮਲ ਕੀਤਾ ਜਾਵੇਗਾ ।
Published by: Gurwinder Singh
First published: July 5, 2021, 5:02 PM IST
ਹੋਰ ਪੜ੍ਹੋ
ਅਗਲੀ ਖ਼ਬਰ