ਬਠਿੰਡਾ- ਰੂਸ ਅਤੇ ਯੂਕਰੇਨ ਵਿਚਕਾਰ ਸ਼ੁਰੂ ਹੋਏ ਯੁੱਧ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੜ੍ਹਾਈ ਕਰਨ ਗਏ ਪੰਜਾਬ ਦੇ ਬੱਚੇ ਰੂਸ ਅਤੇ ਯੂਕਰੇਨ ਵਿੱਚ ਫਸੇ ਹੋਣ ਕਰਕੇ ਮਾਪੇ ਚਿੰਤਾ ਵਿੱਚ ਹਨ। ਉਥੇ ਹੀ ਕਿਸਾਨਾਂ ਵਿੱਚ ਡੀਜ਼ਲ ਅਤੇ ਪੈਟਰੋਲ ਮਹਿੰਗਾ ਹੋਣ ਜਾਂ ਖ਼ਤਮ ਹੋਣ ਦੀਆਂ ਅਫਵਾਹਾਂ ਕਰਕੇ ਹੜਕੰਪ ਮੱਚਿਆ ਨਜ਼ਰ ਆ ਰਿਹਾ ਹੈ। ਡੀਜ਼ਲ ਖ਼ਤਮ ਹੋਣ ਦੇ ਡਰੋਂ ਕਿਸਾਨ ਵੱਡੀ ਮਾਤਰਾ ਵਿੱਚ ਤੇਲ ਦੀ ਜਮ੍ਹਾਂਖੋਰੀ ਲਈ ਭੱਜ ਦੌੜ ਕਰ ਰਹੇ ਹਨ। ਇਹ ਨਜ਼ਾਰਾ ਪੈਟਰੋਲ ਪੰਪਾਂ ਤੇ ਦੇਖਣ ਨੂੰ ਮਿਲ ਰਿਹਾ ਹੈ। ਇੱਕ-ਇੱਕ ਕਿਸਾਨ 3-3,5-5 ਡਰੰਮ ਡੀਜ਼ਲ ਦੇ ਭਰਵਾ ਕੇ ਜਮ੍ਹਾਂ ਕਰ ਰਹੇ ਹਨ ,ਪੈਟਰੋਲ ਦੀ ਜਮ੍ਹਾਂਖੋਰੀ ਵੀ ਤੇਜ਼ੀ ਨਾਲ ਹੋ ਰਹੀ ਹੈ। ਇਹ ਚਿੰਤਾ ਅੰਤਰਰਾਸ਼ਟਰੀ ਪੱਧਰ ਤੇ ਡੀਜ਼ਲ ਅਤੇ ਪੈਟਰੋਲ ਦੀ ਕਿੱਲਤ ਖੜ੍ਹੀ ਹੋਣ ਕਰਕੇ ਦਿਖਾਈ ਦੇ ਰਹੀ ਹੈ, ਜਿਸ ਕਰਕੇ ਕਿਸਾਨ ਵੱਡੀ ਪੱਧਰ ਤੇ ਤੇਲ ਜਮ੍ਹਾਂ ਕਰਨ ਵਿਚ ਵਿਅਸਤ ਹੋ ਗਏ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਸਰਹੱਦੀ ਏਰੀਏ ਦੇ ਪੈਟਰੋਲ ਪੰਪਾਂ ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਟਰਾਂਸਪੋਟਰਾਂ ਵਲੋਂ ਵੀ ਵੱਡੇ ਪੱਧਰ ਤੇ ਤੇਲ ਜਮ੍ਹਾ ਕੀਤਾ ਜਾ ਰਿਹਾ ਹੈ ਤਾਂ ਜੋ ਖੇਤੀ ਪੈਦਾਵਾਰ ਜਾਂ ਪ੍ਰਾਈਵੇਟ ਵ੍ਹੀਕਲਾਂ ਦੀ ਚੱਲੋ ਚੱਲ ਰਹੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਤੇਲ ਜਮ੍ਹਾ ਕਰਨ ਲਈ ਕਿਸਾਨਾਂ ਵੱਲੋਂ ਆਪਣੇ ਆੜ੍ਹਤੀਆਂ ਤੋਂ ਵੀ ਵੱਡੇ ਪੱਧਰ ਤੇ ਕਰਜ਼ ਚੁੱਕਿਆ ਜਾ ਰਿਹਾ ਹੈ ।
ਪਿੰਡ ਭਾਗੀਵਾਂਦਰ ਦੇ ਕਿਸਾਨ ਜਗਜੀਤ ਸਿੰਘ ,ਇੰਦਰਜੀਤ ਸਿੰਘ ਨੇ ਕਿਹਾ ਕਿ ਡੀਜ਼ਲ ਦੀ ਕਿੱਲਤ ਆਉਣ ਦੇ ਡਰੋਂ ਉਹ ਤੇਲ ਜਮ੍ਹਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਡੀਜ਼ਲ ਦਾ ਰੇਟ ਕਰੀਬ 19 ਹਜ਼ਾਰ ਰੁਪਏ ਪ੍ਰਤੀ ਡਰੰਮ ਪੈਂਦਾ ਹੈ, ਜੇਕਰ ਤੇਲ ਮਹਿੰਗਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਆਉਂਦੇ ਦਿਨਾਂ ਵਿੱਚ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ।
ਜ਼ਿਕਰਯੋਗ ਹੈ ਕਿ ਤੇਲ ਕੀਮਤਾਂ ਵਿੱਚ ਵਾਧੇ ਦਾ ਡਰ ਪਿਛਲੇ ਕਈ ਦਿਨਾਂ ਤੋਂ ਬਣਿਆ ਹੋਇਆ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਰੂਸ ਅਤੇ ਯੂਕਰੇਨ ਵਿੱਚ ਛਿੜੇ ਯੁੱਧ ਦਾ ਅਸਰ ਦੁਨੀਆਂ ਭਰ ਵਿੱਚ ਕੀ ਪੈਂਦਾ ਹੈ ਅਤੇ ਆਉਂਦੇ ਦਿਨਾਂ ਵਿੱਚ ਵਪਾਰਕ ਹਾਲਾਤ ਕੀ ਬਣਦੇ ਹਨ ? ਪ੍ਰੰਤੂ ਅੱਜ ਕਿਸਾਨਾਂ ਵਿੱਚ ਤੇਲ ਦੀ ਕਿੱਲਤ ਹੋਣ ਤੇ ਮਚੇ ਹੜਕੰਪ ਕਰਕੇ ਪੈਟਰੋਲ ਪੰਪ ਮਾਲਕਾਂ ਦੀ ਚਾਂਦੀ ਬਣੀ ਹੋਈ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Petrol and diesel, Petrol Pump, Russia Ukraine crisis