ਗੁਰਦਾਸਪੁਰ: ਬਿਜਲੀ ਦੇ ਲੰਬੇ ਲੰਬੇ ਲਗਾਏ ਜਾ ਰਹੇ ਕੱਟਾਂ ਨੂੰ ਲੈ ਕੇ ਪੰਜਾਬ ਹਰ ਜ਼ਿਲ੍ਹੇ ਦੇ ਲੋਕ ਅਤੇ ਕਾਰੋਬਾਰੀ ਤਾਂ ਪ੍ਰੇਸ਼ਾਨ ਹੀ ਹਨ, ਉੱਥੇ ਹੀ ਇਹ ਪ੍ਰੇਸ਼ਾਨੀ ਕਿਸਾਨਾਂ ਨੂੰ ਵੀ ਦੁੱਖ ਦੇ ਰਹੀ ਹ। ਕਣਕ ਦੀ ਫ਼ਸਲ ਖੇਤਾਂ ਵਿਚੋਂ ਕੱਟ ਕੇ ਅਨਾਜ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ ਅਤੇ ਅੱਗੇ ਖੇਤਾਂ ਵਿੱਚ ਝੋਨੇ ( ਜੀਰੀ )ਦੀ ਫ਼ਸਲ ਬੀਜਣ ਦੀ ਕਿਸਾਨਾਂ ਵੱਲੋਂ ਤਿਆਰੀ ਖਿੱਚੀ ਜਾ ਰਹੀ ਹੈ, ਲੇਕਿਨ ਝੋਨੇ ਦੀ ਫ਼ਸਲ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਰਹੇ ਹਨ। ਦਿਨ ਹੋਵੇ ਜਾਂ ਰਾਤ ਬਿਜਲੀ ਦੇ ਇਹ ਕੱਟ ਲੱਗਣ ਕਾਰਨ ਕਿਸਾਨ ਪ੍ਰੇਸ਼ਾਨ ਹਨ ਕਿ ਅਗਰ ਬਿਜਲੀ ਦੀ ਸਪਲਾਈ ਦਰੁਸਤ ਨਾ ਹੋਈ ਤਾਂ ਝੋਨੇ ਦੀ ਫ਼ਸਲ ਲਈ ਲੋੜੀਂਦਾ ਪਾਣੀ ਕਿਥੋਂ ਲੈਣਗੇ ਕਿਉਂਕਿ ਟਿਊਬਵੈੱਲ ਬਿਜਲੀ ਨਾਲ ਚਲਦੇ ਹਨ ਅਤੇ ਦੂਸਰੇ ਪਾਸੇ ਡੀਜ਼ਲ ਦੇ ਰੇਟ ਵੀ ਅਸਮਾਨ ਛੁਹ ਰਹੇ ਹਨ।
ਕਿਸਾਨਾਂ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਵੱਲੋਂ ਬਟਾਲਾ ਵਿਖੇ ਇਸ ਮਸਲੇ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਬਲਵੀਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਪਹਿਲਾਂ ਹੀ ਕਣਕ ਦਾ ਝਾੜ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹੈ, ਉੱਤੋਂ ਡਾਇਆ ਖਾਦ ਦੇ ਵਧੇ ਰੇਟ ਕਿਸਾਨਾਂ ਦੀ ਛਾਤੀ ਉੱਤੇ ਜ਼ਖਮ ਮਾਰ ਰਹੇ ਹਨ ਅਤੇ ਉੱਤੋਂ ਬਿਜਲੀ ਦੇ ਲੰਬੇ ਲੰਬੇ ਕੱਟ ਕਿਸਾਨਾਂ ਦੇ ਲੱਗੇ। ਉਨ੍ਹਾਂ ਜ਼ਖ਼ਮਾਂ ਉੱਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ।ਬਿਜਲੀ ਦੀ ਸਪਲਾਈ ਸਹੀ ਤਰੀਕੇ ਨਾਲ ਨਾ ਮਿਲਣ ਕਾਰਨ ਪਹਿਲਾ ਹੀ ਗੰਨੇ ਅਤੇ ਚਾਰੇ ਦੀ ਫ਼ਸਲ ਬਿਨਾਂ ਪਾਣੀ ਤੋਂ ਖੇਤਾਂ ਵਿੱਚ ਹੀ ਝੁਲਸ ਰਹੀ ਹੈ, ਉੱਤੋਂ ਬੀਜੀ ਜਾਣ ਵਾਲੀ ਝੋਨੇ ਦੀ ਫ਼ਸਲ ਦਾ ਕੀ ਹਾਲ ਹੋਵੇਗਾ। ਕਿਸਾਨਾਂ ਨੂੰਇਸ ਸਾਰੀਆਂ ਸਮੱਸਿਆਵਾਂ ਦਾ ਡਰ ਸਤਾ ਰਿਹਾ ਹੈ।
ਰੰਧਾਵਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਯਾਦ ਕਰਨੇ ਚਾਹੀਦੇ ਹਨ ਅਤੇ ਬਿਜਲੀ ਦੀ ਸਪਲਾਈ ਵਿਚ ਸੁਧਾਰ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਅਗਰ ਬਿਜਲੀ ਦੀ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਸਰਕਾਰ ਦੇ ਵਿਰੁੱਧ ਸੜਕਾਂ ਉੱਤੇ ਉੱਤਰਾਂਗੇ ਅਤੇ ਸਰਕਾਰ ਦੇ ਮੰਤਰੀਆਂ ਅਤੇ ਸੰਤਰੀਆਂ ਦਾ ਘੇਰਾਉ ਕਰਨ ਦਾ ਐਲਾਨ ਕੀਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural, Electricity, Farmers Protest, Gurdaspur