Home /News /punjab /

267 ਸਰੂਪ ਗਾਇਬ ਹੋਣ ਦੇ ਮਾਮਲੇ 'ਚ ਹੁਣ SGPC ਨੇ ਮੰਗੀ ਜਾਂਚ

267 ਸਰੂਪ ਗਾਇਬ ਹੋਣ ਦੇ ਮਾਮਲੇ 'ਚ ਹੁਣ SGPC ਨੇ ਮੰਗੀ ਜਾਂਚ

ਲੌਂਗੋਵਾਲ ਨੇ ਲਾਪਤਾ ਪਾਵਨ ਸਰੂਪਾਂ ਸਬੰਧੀ ਜਾਂਚ ਕਮਿਸ਼ਨ ਦੀ ਮੁਕੰਮਲ ਰਿਪੋਰਟ ਕੀਤੀ ਜਨਤਕ  (ਫਾਇਲ ਫੋਟੋ)

ਲੌਂਗੋਵਾਲ ਨੇ ਲਾਪਤਾ ਪਾਵਨ ਸਰੂਪਾਂ ਸਬੰਧੀ ਜਾਂਚ ਕਮਿਸ਼ਨ ਦੀ ਮੁਕੰਮਲ ਰਿਪੋਰਟ ਕੀਤੀ ਜਨਤਕ (ਫਾਇਲ ਫੋਟੋ)

  • Share this:
 ਰਮਨਦੀਪ ਸਿੰਘ ਭਾਗੂ

ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਗਾਇਬ ਹੋਣ ਦਾ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਇਸ ਮਾਮਲੇ 'ਚ ਮੰਥਨ ਕਰਨ ਲਈ ਐੱਸਜੀਪੀਸੀ ਦੀ ਅੰਤਰਿਗ ਕਮੇਟੀ ਦੀ ਇੱਕ ਵਿਸ਼ੇਸ਼ ਬੈਠਕ ਬੁਲਾਈ ਗਈ।

ਐੱਸਜੀਪੀਸੀ ਮੁਖੀ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਹੋਈ ਬੈਠਕ 'ਚ ਇਸ ਗੱਲ 'ਤੇ ਫੈਸਲਾ ਹੋਇਆ ਕਿ ਇਸ ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇ। ਐੱਸਜੀਪੀਸੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਦੀ ਜਾਂਚ ਕਿਸੇ ਸੇਵਾ ਮੁਕਤ ਜੱਜ ਤੋਂ ਕਰਵਾਈ ਜਾਵੇ, ਤਾਂ ਜੋ ਸਭ ਦੇ ਸ਼ੰਕੇ ਦੂਰ ਹੋ ਜਾਣ ਤੇ ਸੱਚਾਈ ਸਾਹਮਣੇ ਆ ਸਕੇ। ਹਲਾਂਕਿ ਇਸ ਤੋਂ ਪਹਿਲਾਂ ਐੱਸਜੀਪੀਸੀ ਵੱਲੋਂ ਬਣਾਈ ਸਬ ਕਮੇਟੀ ਇਸ ਮਾਮਲੇ ਦੀ ਜਾਂਚ ਕਰ ਚੁੱਕੀ ਹੈ।

ਐੱਸਜੀਪੀਸੀ ਇਸ ਮਾਮਲੇ 'ਚ ਆਪਣੇ ਹੀ ਪਬਲੀਕੇਸ਼ਨ ਡਿਪਾਰਟਮੈਂਟ ਦੇ ਇੱਕ ਸੇਵਾ ਮੁਕਤ ਅਧਿਕਾਰੀ ਕੰਵਲਜੀਤ ਸਿੰਘ ਨੂੰ ਜ਼ਿੰਮੇਵਾਰ ਦੱਸ ਰਹੀ ਹੈ।  ਕੰਵਲਜੀਤ ਸਿੰਘ ਤੇ SGPC ਦੇ ਆਪੋ-ਆਪਣੇ ਤਰਕ- ਐੱਸਜੀਪੀਸੀ ਦੇ ਸਾਬਕਾ ਅਧਿਕਾਰੀ ਕੰਵਲਜੀਤ ਸਿੰਘ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਹਨ। ਕੰਵਲਜੀਤ ਨੇ ਵੀ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਮੁਤਾਬਿਕ 19 ਮਈ 2016 ਨੂੰ ਗੁਰਦੁਆਰਾ ਰਾਮਸਰ ਸਾਹਿਬ 'ਚ ਸ਼ਾਰਟ ਸਰਕਿਟ ਨਾਲ ਅੱਗ ਲੱਗ ਗਈ ਸੀ ਜਿਸ ਨਾਲ ਕਈ ਸਰੂਪ ਨਸ਼ਟ ਹੋ ਗਏ ਸਨ, ਕੁਝ ਅੱਗ ਬੁਝਾਉਣ ਵੇਲੇ ਪਾਣੀ ਨਾਲ ਨੁਕਸਾਨੇ ਗਏ ਸਨ ਜਿਹਨਾਂ ਦਾ ਬਾਅਦ 'ਚ ਗੋਇੰਦਵਾਲ ਸਾਹਿਬ ਲਿਜਾ ਕੇ ਸਸਕਾਰ ਕੀਤਾ ਗਿਆ ਸੀ, ਪਰ ਉਹਨਾਂ ਨੂੰ ਰਿਕਾਰਡ 'ਚ ਦਰਜ ਨਹੀਂ ਕੀਤਾ ਗਿਆ।

ਕੰਵਲਜੀਤ ਦਾ ਇਹ ਵੀ ਇਲਜ਼ਾਮ ਹੈ ਕਿ ਉਸ ਵਕਤ ਇਸ ਪੂਰੇ ਮਾਮਲੇ ਨੂੰ ਦਬਾਉਣ ਲਈ ਮੇਰੇ 'ਤੇ ਦਬਾਅ ਪਾਇਆ ਗਿਆ। ਕੰਵਲਜੀਤ ਦੇ ਇਸ ਦਾਅਵੇ ਦਾ ਐੱਸਜੀਪੀਸੀ ਨੇ ਖੰਡਨ ਕੀਤਾ ਹੈ। ਐੱਸਜੀਪੀਸੀ ਮੁਤਾਬਿਕ ਸ਼ਾਰਟ ਸਰਕਿਟ ਵੇਲੇ 14 ਸਰੂਪ ਹੀ ਨੁਕਸਾਨੇ ਗਏ ਸਨ ਤੇ ਕੰਵਲਜੀਤ ਖੁਦ ਨੂੰ ਬਚਾਉਣ ਲਈ ਝੂਠਾ ਦਾਅਵਾ ਕਰ ਰਿਹਾ ਹੈ। ਐੱਸਜੀਪੀਸੀ ਇਹ ਵੀ ਦਾਅਵਾ ਕਰਦੀ ਹੈ ਕਿ ਕੰਵਲਜੀਤ ਨੇ ਗਾਇਬ ਹੋਏ ਸਰੂਪਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਗੱਲ ਲਿਖਤ ਰੂਪ 'ਚ ਵੀ ਮੰਨੀ ਹੈ ਪਰ ਇਸਦੇ ਉਲਟ ਕੰਵਲਜੀਤ ਸਿੰਘ ਦਾ ਇਲਜ਼ਾਮ ਹੈ ਕਿ ਐੱਸਜੀਪੀਸੀ ਨੇ ਉਸ ਦੀ ਰਿਟਾਇਰਮੈਂਟ ਮੌਕੇ ਉਸਤੋਂ ਜਬਰੀ ਇਹ ਗੱਲ ਲਿਖਵਾਈ ਸੀ। ਕੰਵਲਜੀਤ ਇਹ ਵੀ ਦਾਅਵਾ ਕਰਦੇ ਨੇ ਕਿ ਕਈ ਵਾਰ ਐੱਸਜੀਪੀਸੀ ਦੇ ਅਧਿਕਾਰੀ ਬਿਨਾਂ ਰਿਕਾਰਡ 'ਚ ਦਰਜ ਕਰਵਾਏ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਜਾਂਦੇ ਰਹੇ ਹਨ।

ਗਾਇਬ ਸਰੂਪਾਂ 'ਤੇ ਸਿਆਸਤ ਵੀ ਗਰਮ-

 267 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਸਿਆਸਤ ਵੀ ਗਰਮ ਹੈ। ਬੈਂਸ ਭਰਾ ਇਸ ਮਾਮਲੇ 'ਚ ਨਿਰਪੱਖ ਜਾਂਚ ਦੀ ਮੰਗ ਕਰ ਚੁੱਕੇ ਹਨ। ਇਸ ਪੂਰੇ ਘਟਨਾਕ੍ਰਮ ਲਈ ਐੱਸਜੀਪੀਸੀ ਦੇ ਨਾਲ-ਨਾਲ ਬਾਦਲ ਪਰਿਵਾਰ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜ੍ਹਾ ਕੀਤਾ ਜਾ ਰਿਹਾ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ 'ਚ 267 ਪਾਵਨ ਸਰੂਪ ਘੱਟ ਹੋਣ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਐੱਸਜੀਪੀਸੀ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ ਪਰ ਹੁਣ ਐੱਸਜੀਪੀਸੀ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਨਿਰਪੱਖ ਏਜੰਸੀ ਤੋਂ ਮਾਮਲੇ ਦੀ ਜਾਂਚ ਕਰਵਾਉਣ ।
Published by:Gurwinder Singh
First published:

ਅਗਲੀ ਖਬਰ