ਬੀਤੇ ਕੁਝ ਸਮਂ ਤੋਂ ਔਰਤਾਂ ਦੇ ਨਾਲ ਕੁੱਟਮਾਰ ਕਰਨ ਅਤੇ ਕਤਲ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ । ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ । ਜਿਥੋਂ ਦੇ ਥਾਣਾ ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਰੁਕਨਸ਼ਾਹ ਵਾਲਾ ਵਿਖੇ ਤਿੰਨ ਵਿਅਕਤੀਆਂ ਨੇ ਇੱਕ ਔਰਤ ਦੇ ਨਾਲ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਪੀੜਤ ਔਰਤ ਦੀ ਮੌਤ ਹੋ ਗਈ ।ਮਿਲੀ ਜਾਣਕਾਰੀ ਦੇ ਮੁਤਾਬਕ ਪੀੜਤ ਔਰਤ ਨੂੰ ਤਿੰਨ ਵਿਅਕਤੀਆਂ ਨੇ ਗੁੱਝੀਆਂ ਸੱਟਾਂ ਮਾਰੀਆਂ ਸਨ ਜਿਸ ਤੋਂ ਬਾਅਦ ਪੀੜਤ ਔਰਤ ਨੂੰ ਇਲਾਜ਼ ਲਈ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ,ਪਰ ਪੀੜਤ ਔਰਤ ਦੀ ਜਾਨ ਨਹੀਂ ਬਚ ਸਕੀ ਸੀ।
ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ ਬਾਏ ਨੇਮ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ 302, 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਛਿੰਦਾ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਰੁਕਨਸ਼ਾਹ ਵਾਲਾ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਭੈਣ ਕੋਮਲ ਸਾਲ ਕਰੀਬ 10-12 ਸਾਲ ਪਹਿਲਾਂ ਸਾਹਿਬ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਨਾਨਕ ਨਗਰੀ ਜ਼ੀਰਾ ਨਾਲ ਵਿਆਹੀ ਸੀ। ਛਿੰਦਾ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਭੈਣ ਦੇ ਘਰ ਵਾਲੇ ਸਾਹਿਬ ਸਿੰਘ ਦੀ ਕਰੀਬ 2 ਸਾਲ ਪਹਿਲਾਂ ਮੌਤ ਹੋ ਗਈ ਸੀ । ਇਸ 'ਤੇ ਕਰੀਬ 4-5 ਮਹੀਨੇ ਪਹਿਲਾਂ ਕੋਮਲ ਆਪਣੀ ਮਰਜ਼ੀ ਨਾਲ ਗੁਰਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨਾਲ ਚਲੀ ਗਈ ਸੀ । ਬੀਤੀ 16 ਦਸੰਬਰ 2022 ਨੂੰ ਇੱਕ ਦਿਨ ਉਸ ਦੀ ਭੈਣ ਵਾਪਸ ਘਰ ਆਈ ਤਾਂ ਉਸ ਦੇ ਸੱਟਾਂ ਲੱਗੀਆਂ ਹੋਈਆਂ ਸਨ।
ਇਸ ਦੇ ਨਾਲ ਹੀ ਕੋਮਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਸੱਟਾਂ ਮਾਰੀਆਂ ਹਨ। ਛਿੰਦੇ ਨੇ ਆਪਣੀ ਭੈਣ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ,ਪਰ ਸਿਰ ਦੀ ਸੱਟ ਦਾ ਦਰਦ ਵੱਧਣ ਕਰ ਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ 28-29 ਦਸੰਬਰ 2022 ਦੀ ਦਰਮਿਆਨੀ ਰਾਤ ਨੂੰ ਉਸ ਦੀ ਭੈਣ ਕੋਮਲ ਦੀ ਮੌਤ ਹੋ ਗਈ।
ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੁੱਖ ਅਫਸਰ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।