ਚੰਡੀਗੜ੍ਹ :ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਵੱਲੋਂ ਬਿਜਲੀ ਦੇ ਸਮਾਰਟ ਮੀਟਰ ਲਗਾਕੇ ਖਪਤਕਾਰਾਂ ਤੋਂ 7000 ਰੁਪਏ ਵਸੂਲੀ ਕਰਨ ਲਈ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਆਪਣਾ ਚੁਣਾਵੀਂ ਖਰਚ ਕੱਢਣ ਲਈ ਲੋਕਾਂ ਨੂੰ ਬਿਜਲੀ ਚੋਰ ਦੱਸਕੇ ਉਨ੍ਹਾਂ ਤੋਂ 7000 ਹਜ਼ਾਰ ਰੁਪਏ ਦੀ ਠੱਗੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਰੋਕਣ ਦੇ ਨਾਮ ਉੱਤੇ ਕੈਪਟਨ ਅਤੇ ਪਾਵਰਕਾਮ ਕੰਪਨੀ ਮਿਲਕੇ ਇਕ ਨੀਤੀ ਦੇ ਤਹਿਤ ਲੋਕਾਂ ਤੋਂ ਪੈਸੇ ਵਸੂਲਣ ਦਾ ਕੰਮ ਕਰ ਰਹੇ ਹਨ, ਜਦੋਂ ਕਿ ਪਹਿਲਾਂ ਅਕਾਲੀ ਸਰਕਾਰ ਸਮੇਂ ਤੇ ਹੁਣ ਕੈਪਟਨ ਸਰਕਾਰ ਸਮੇਂ ਵੀ ਅਕਾਲੀ ਤੇ ਕਾਂਗਰਸੀ ਆਗੂਆਂ ਵੱਲ ਬਿਜਲੀ ਵਿਭਾਗ ਦੇ ਲੱਖਾਂ ਰੁਪਏ ਬਕਾਇਆ ਖੜ੍ਹੇ ਹਨ।
ਅਰੋੜਾ ਨੇ ਕਿਹਾ ਕਿ ਜਦੋਂ ਪਹਿਲਾਂ ਤੋਂ ਹੀ ਸਭ ਦੇ ਘਰਾਂ ਵਿੱਚ ਮੀਟਰ ਲੱਗੇ ਹੋਏ ਹਨ ਤਾਂ ਕੋਰੋਨਾ ਮਹਾਮਾਰੀ ਦੇ ਸਮੇਂ ਵਿੱਚ ਸਮਾਰਟ ਮੀਟਰ ਦੇ ਨਾਮ ਉੱਤੇ ਜਨਤਾ ਉਤੇ 7000 ਰੁਪਏ ਦਾ ਬੋਝ ਪਾਉਣ ਦੀ ਕੀ ਜ਼ਰੂਰਤ ਹੈ? ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕ ਵਿਰੋਧੀ ਨੀਤੀਆਂ ਕਾਰਨ ਹੀ ਅੱਜ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਪੰਜਾਬ ਵਿੱਚ ਹੈ। ਕੈਪਟਨ ਅਮਰਿੰਦਰ ਨੇ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਰਕਾਰ ਬਣਾਉਣ ਦੇ ਬਾਅਦ ਅਕਾਲੀ ਦਲ ਵੱਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਰੱਦ ਕਰਕੇ ਉਨ੍ਹਾਂ ਉੱਤੇ ਵਾਈਟ ਪੇਪਰ ਜਾਰੀ ਕਰਨ ਦੀ ਗੱਲ ਕਹੀ ਸੀ, ਪ੍ਰੰਤੂ ਸਰਕਾਰ ਬਣਨ ਦੇ ਬਾਅਦ ਕੈਪਟਨ ਇਨ੍ਹਾਂ ਸਭ ਚੀਜਾਂ ਨੂੰ ਭੁੱਲ ਗਏ ਹਨ।
ਅਰੋੜਾ ਨੇ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਕੋਲ ਬਿਜਲੀ ਚੋਰੀ ਦੇ ਕੋਈ ਅਧਿਕਾਰਤ ਅੰਕੜਾ ਨਹੀਂ ਹੈ, ਤਾਂ ਬਿਨਾਂ ਡਾਟਾ ਅਤੇ ਸਬੂਤ ਦੇ ਬਿਜਲੀ ਚੋਰੀ ਰੋਕਣ ਦੇ ਨਾਮ ਉੱਤੇ ਪਾਵਰਕਾਮ ਕੰਪਨੀ ਨੂੰ ਕੈਪਟਨ ਨੇ ਲੋਕਾਂ ਤੋਂ 280 ਕਰੋੜ ਰੁਪਏ ਵਸੂਲਣ ਦਾ ਠੇਕਾ ਕਿਵੇਂ ਦੇ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਪਤਾ ਚਲ ਗਿਆ ਹੈ ਕਿ ਅਗਲੀਆਂ ਚੋਣਾਂ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦੇਣਾ ਇਸ ਲਈ ਉਨ੍ਹਾਂ ਹੁਣ ਵੋਟ ਮੰਗਣ ਦੇ ਬਦਲੇ ਜਨਤਾ ਨੂੰ ਲੁੱਟਣ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ।
ਅਰੋੜਾ ਨੇ ਕਿਹਾ ਕਿ ਸੂਬੇ ਵਿੱਚ ਮਾਫੀਆ ਰਾਜ ਦਾ ਬੋਲਬਾਲਾ ਚਲ ਰਿਹਾ ਹੈ, ਇਸ ਲਈ ਮੁੱਖ ਮੰਤਰੀ ਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹਨ। ਕੈਪਟਨ ਨੇ ਚੋਣਾਂ ਤੋਂ ਪਹਿਲਾਂ ਕਈ ਆਪਣੇ ਵਾਅਦਿਆਂ ਤੋਂ ਮੁਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਹੋਰ ਮੁਸੀਬਤਾਂ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਵਰਗਾ ਸੂਬਾ ਜੋ ਸਵੈ ਆਪਣੀ ਬਿਜਲੀ ਬਣਾਉਂਦਾ ਹੈ ਪੂਰੇ ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਵੇਚ ਰਿਹਾ ਹੈ, ਜਦੋਂ ਕਿ ਦਿੱਲੀ ਜੋ ਦੂਜੇ ਸੂਬਿਆਂ ਤੋਂ ਬਿਜਲੀ ਖਰੀਦਕੇ ਵੀ ਆਪਣੇ ਲੋਕਾਂ ਨੂੰ ਮੁਫਤ ਵਿੱਚ ਬਿਜਲੀ ਪ੍ਰਦਾਨ ਕਰ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਜਰੀਵਾਲ ਸਰਕਾਰ ਤੋਂ ਸਿੱਖਆ ਲੈਂਦੇ ਹੋਏ ਪੰਜਾਬ ਦੇ ਲੋਕਾਂ ਨੂੰ ਮਹਿੰਗਾਈ, ਭ੍ਰਿਸ਼ਟਾਚਾਰ ਤੇ ਕਾਲਾਬਾਜ਼ਾਰੀ ਤੋਂ ਰਾਹਤ ਦੇਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Electricity Bill