ਪੰਜਾਬ ਸਰਕਾਰ ਨੇ ਆਪਣੀ ਨਵੀਂ ਆਬਕਾਰੀ ਨੀਤੀ ਵਿੱਚ ਵੱਡਾ ਐਲਾਨ ਕੀਤਾ ਹੈ ,ਜਿਸ ਮੁਤਾਬਕ ਹੁਣ ਪੰਜਾਬ ਵਿੱਚ ਸ਼ਰਾਬ ਠੇਕਿਆਂ ਤੋਂ ਇਲਾਵਾ ਕੁਝ ਖਾਸ ਦੁਕਾਨਾਂ ਤੋਂ ਖਰੀਦੀ ਜਾ ਸਕੇਗੀ। ਲੋਕ ਠੇਕਿਆਂ ’ਤੇ ਜਾਣ ਦੀ ਬਜਾਏ ਇਨ੍ਹਾਂ ਖਾਸ ਦੁਕਾਨਾਂ ਤੋਂ ਵੀ ਸ਼ਰਾਬ ਖਰੀਦ ਸਕਣਗੇ। ਇਸ ਸਾਲ ਇੱਕ ਅਪ੍ਰੈਲ ਤੋਂ ਇਨ੍ਹਾਂ ਦੁਕਾਨਾਂ ’ਤੇ ਵੀ ਸ਼ਰਾਬ ਅਤੇ ਬੀਅਰ ਮਿਲਣੀ ਸ਼ੁਰੂ ਹੋ ਜਾਵੇਗੀ। ਇਹ ਫ਼ੈਸਲਾ ਪੰਜਾਬ ਸਰਕਾਰ ਨੇ ਆਪਣੀ ਨਵੀਂ ਆਬਕਾਰੀ ਨੀਤੀ ਦੇ ਤਹਿਤ ਲਿਆ ਹੈ। ਪਹਿਲੇ ਪੜਾਅ 'ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ 77 ਦੁਕਾਨਾਂ ਖੋਲ੍ਹੀਆਂ ਜਾਣਗੀਆਂ।
ਪੰਜਾਬ ਦੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ 1 ਅਪ੍ਰੈਲ ਤੋਂ ਸ਼ਹਿਰਾਂ ਵਿੱਚ ਬੀਅਰ ਅਤੇ ਸ਼ਰਾਬ ਦੀਆਂ 77 ਦੁਕਾਨਾ ਖੋਲ੍ਹਣ ਜਾ ਰਹੀ ਹੈ। ਜੇ ਕੋਈ ਠੇਕਿਆਂ ਤੱਕ ਨਹੀਂ ਜਾਣਾ ਚਾਹੁੰਦਾ ਹੈ ਤਾਂ ਹੁਣ ਉਹ ਸ਼ਹਿਰ ਦੇ ਬਾਜ਼ਾਰ ਵਿੱਚ ਹੀ ਖੁੱਲ੍ਹਣ ਵਾਲੀਆਂ ਇਨ੍ਹਾਂ ਖਾਸ ਦੁਕਾਨਾਂ ਤੋਂ ਸ਼ਰਾਬ ਖਰੀਦ ਸਕਦਾ ਹੈ। ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ ਦੇ ਖੁੱਲ੍ਹਣ ਨਾਲ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਸ ਲਈ ਪੰਜਾਬ ਸਰਕਾਰ ਵੱਲੋਂ ਬਕਾਇਦਾ ਪੂਰੀ ਤਿਆਰੀ ਵੀ ਕਰ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੀ ਤਰਜ਼ ’ਤੇ ਵੱਡੇ ਸ਼ਹਿਰਾਂ ਵਿੱਚ ਖੋਲ੍ਹੀਆਂ ਜਾਣ ਵਾਲੀਆਂ ਸ਼ਰਾਬ ਦੀਆਂ ਖਾਸ ਦੁਕਾਨਾਂ ਕਿਸੇ ਵੱਡੇ ਸ਼ੋਅਰੂਮ ਤੋਂ ਘੱਟ ਨਹੀਂ ਹੋਣਗੀਆਂ। ਗ੍ਰਾਹਕ ਇਨ੍ਹਾਂ ਦੁਕਾਨਾਂ ਵਿੱਚ ਸਜਾਏ ਗਏ ਰੈਕ ਤੋਂ ਆਪਣੀ ਮਨਪਸੰਦ ਸ਼ਰਾਬ ਜਾਂ ਬੀਅਰ ਖੁੱਦ ਚੁੱਕ ਸਕਣਗੇ ਅਤੇ ਕੈਸ਼ ਕਾਊਂਟਰ ’ਤੇ ਪੈਸਿਆਂ ਦਾ ਭੁਗਤਾਨ ਕਰਨਗੇ। ਖਰੀਦਿਆ ਗਿਆ ਸਮਾਨ ਜ਼ਿਆਦਾ ਹੈ ਤਾਂ ਦੁਕਾਨ ਵਿੱਚ ਰੱਖੇ ਕਾਮੇ ਗ੍ਰਾਹਕਾਂ ਦੀ ਮਦਦ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Excise duty, Excise policy, Harpal cheema, Punjab government