ਚੰਡੀਗੜ੍ਹ- ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਪਿਛਲੇ ਸਾਲ ਅਗਸਤ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾ ਰਿਹਾ ਸੀ। ਲਾਰੈਂਸ ਗੈਂਗ ਦਾ ਮੰਨਣਾ ਸੀ ਕਿ ਗਾਇਕ ਮੂਸੇਵਾਲਾ ਅਕਾਲੀ ਆਗੂ ਦੇ ਕਤਲ ਵਿੱਚ ਸ਼ਾਮਲ ਸੀ। ਬਿਸ਼ਨੋਈ ਨੇ ਮੰਨਿਆ ਕਿ ਉਸ ਦੇ ਗਰੋਹ ਨੇ ਮੂਸੇਵਾਲਾ ਨੂੰ ਮਾਰਨ ਦੀਆਂ ਤਿੰਨ ਕੋਸ਼ਿਸ਼ਾਂ ਕੀਤੀਆਂ ਸਨ।
25 ਮਈ ਨੂੰ ਮਾਨਸਾ ਵਿਖੇ ਡੇਰਾ ਲਾਇਆ ਸੀ
ਦਿੱਲੀ ਪੁਲਸ ਮੁਤਾਬਕ ਮੂਸੇਵਾਲਾ ਨੂੰ ਮਾਰਨ ਦੀ ਪਹਿਲੀ ਕੋਸ਼ਿਸ਼ ਜਨਵਰੀ 'ਚ ਗੈਂਗਸਟਰ ਸ਼ਾਹਰੁਖ ਖਾਨ ਦੀ ਅਗਵਾਈ 'ਚ ਕੀਤੀ ਗਈ ਸੀ ਪਰ ਇਸ ਦੌਰਾਨ ਉਸ ਨੂੰ ਮੌਕਾ ਨਹੀਂ ਮਿਲਿਆ। ਬਾਅਦ ਵਿੱਚ ਇਸ ਗਰੋਹ ਨੇ 25 ਮਈ ਨੂੰ ਮਾਨਸਾ ਵਿੱਚ ਡੇਰੇ ਲਾ ਲਏ ਸਨ ਅਤੇ ਇੱਕ ਹੋਰ ਕੋਸ਼ਿਸ਼ ਤੋਂ ਬਾਅਦ ਫਿਰ ਤੋਂ ਖੁੰਝ ਗਏ। ਇਸ ਤੋਂ ਬਾਅਦ 29 ਮਈ ਨੂੰ ਤੀਜੀ ਕੋਸ਼ਿਸ਼ 'ਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।
32 'ਚੋਂ 13 ਗੈਂਗਸਟਰ ਕਤਲ ਦੀ ਸਾਜ਼ਿਸ਼ 'ਚ ਸ਼ਾਮਲ
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ 32 ਗੈਂਗਸਟਰਾਂ ਅਤੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ 13 ਸਿੱਧੇ ਤੌਰ 'ਤੇ ਕਤਲ ਦੀ ਸਾਜ਼ਿਸ਼ 'ਚ ਸ਼ਾਮਲ ਸਨ, ਜਦਕਿ 19 ਉਨ੍ਹਾਂ ਦੇ ਸਾਥੀ ਸਨ, ਜੋ ਗੈਰ-ਕਾਨੂੰਨੀ ਗਤੀਵਿਧੀਆਂ 'ਚ ਗਿਰੋਹ ਦੀ ਮਦਦ ਕਰ ਰਹੇ ਸਨ, ਪੈਸੇ ਅਤੇ ਹਥਿਆਰਾਂ ਦੀ ਸਪਲਾਈ ਤੋਂ ਇਲਾਵਾ ਮਾਲੀ ਸਹਾਇਤਾ ਪ੍ਰਦਾਨ ਕਰ ਰਹੇ ਸਨ।
ਨਿੱਕੂ ਤੇ ਕੇਕੜਾ ਨੇ ਕੀਤੀ ਸੀ ਰੇਕੀ
ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਬਾਨ ਨੇ ਕਿਹਾ ਕਿ ਇਕ ਹੋਰ ਦੋਸ਼ੀ ਬਲਦੇਵ ਉਰਫ ਨਿੱਕੂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਨਿੱਕੂ ਅਤੇ ਕੇਕੜਾ ਸਾਜ਼ਿਸ਼ ਦੇ ਮੁੱਖ ਦੋਸ਼ੀ ਸਨ। ਨਿੱਕੂ ਮੂਸੇਵਾਲਾ ਦੇ ਘਰ ਦੀ ਰੇਕੀ 'ਚ ਸ਼ਾਮਲ ਸੀ। ਕਤਲ ਵਾਲੇ ਦਿਨ ਜਦੋਂ ਗਾਇਕ ਘਰੋਂ ਬਾਹਰ ਆਇਆ ਤਾਂ ਉਸ ਨੇ ਮੂਸੇਵਾਲਾ ਨਾਲ ਸੈਲਫੀ ਲਈ। ਨਿੱਕੂ ਨੇ ਕੇਕੜੇ ਨਾਲ ਗੋਲਡੀ ਬਰਾੜ ਅਤੇ ਸਚਿਨ ਬਿਸ਼ਨੋਈ ਨੂੰ ਇੱਕ ਵੀਡੀਓ ਕਾਲ ਰਾਹੀਂ ਫੋਨ ਕੀਤਾ ਅਤੇ ਸ਼ੂਟਰਾਂ ਨੂੰ ਕਤਲ ਕਰਨ ਦੇ ਸੰਕੇਤ ਦਿੱਤੇ।
ਲਾਰੈਂਸ ਦਾ ਭਰਾ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਸੀ
ਏਡੀਜੀਪੀ ਨੇ ਕਿਹਾ ਕਿ ਲਾਰੇਂਸ ਨੇ ਕੈਨੇਡੀਅਨ ਗੈਂਗਸਟਰ ਗੋਲਡੀ ਤੋਂ ਇਲਾਵਾ ਸਚਿਨ ਬਿਸ਼ਨੋਈ ਉਰਫ ਥਾਪਨ ਅਤੇ ਲਾਰੇਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨਾਲ ਸਾਜ਼ਿਸ਼ ਰਚੀ ਸੀ। ਲਾਰੇਂਸ ਨੇ ਅਪ੍ਰੈਲ 'ਚ ਸਚਿਨ ਅਤੇ ਅਨਮੋਲ ਨੂੰ ਫਰਜ਼ੀ ਪਾਸਪੋਰਟ 'ਤੇ ਦੇਸ਼ ਛੱਡ ਕੇ ਭੱਜਣ ਦੀ ਵਿਵਸਥਾ ਕੀਤੀ ਸੀ। ਬਾਅਦ ਵਿੱਚ ਇੱਕ ਮੀਡੀਆ ਇੰਟਰਵਿਊ ਵਿੱਚ, ਸਚਿਨ ਨੇ ਝੂਠਾ ਦਾਅਵਾ ਕੀਤਾ ਕਿ ਉਹ ਸ਼ੂਟਰਾਂ ਵਿੱਚ ਸ਼ਾਮਲ ਸੀ। ਅਜਿਹਾ ਪੁਲਿਸ ਨੂੰ ਗੁੰਮਰਾਹ ਕਰਨ ਲਈ ਕੀਤਾ ਗਿਆ ਤਾਂ ਜੋ ਅਸਲ ਅਪਰਾਧੀਆਂ ਨੂੰ ਭੱਜਣ ਦਾ ਸਮਾਂ ਮਿਲ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।