ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੰਟਰਨੈਸ਼ਨਲ ਖਿਡਾਰੀ ਸ਼ੇਰਾ ਅਠਵਾਲ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਸ਼ੇਰਾ ਨੇ ਕਬੱਡੀ ਦੀ ਖੇਡ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਸੀ।ਮਿਲੀ ਜਾਣਕਾਰੀ ਦੇ ਮੁਤਾਬਕ ਸ਼ੇਰਾ ਦੀ ਕੈਨੇਡਾ ਵਿੱਚ ਅਚਾਨਕ ਮੌਤ ਹੋ ਗਈ ਹੈ। ਉਥੇ ਹੀ ਸ਼ੇਰੇ ਦੀ ਮੌਤ ਦੀ ਖਬਰ ਜਿਵੇਂ ਹੀ ਉਸ ਦੇ ਪਰਿਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਅਠਵਾਲ ਵਿਖੇ ਮਿਲੀ ਤਾਂ ਉਸ ਤੋਂ ਬਾਅਦ ਤੋਂ ਹੀ ਪਰਿਵਾਰ ਅਤੇ ਇਲਾਕੇ ਭਰ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਸ਼ੇਰਾ ਅਠਵਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ੇਰੇ ਦਾ ਇੱਕ ਸਾਲ ਪਹਿਲਾਂ ਸ਼ੇਰਾ ਦਾ ਵਿਆਹ ਹੋਇਆ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਪਿੰਡ ਵਿੱਚ ਡੇਢ ਮਹੀਨਾ ਕੱਟਣ ਤੋਂ ਬਾਅਦ ਉਹ ਵਾਪਿਸ ਕੈਨੇਡਾ ਪਰਤਿਆ ਸੀ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਅਜੇ ਤੱਕ ਸ਼ੇਰਾ ਦੀ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ। ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦੀ ਮੌਤ ਦੇ ਅਸਲੀ ਕਾਰਨ ਦਾ ਪਤਾ ਲੱਗੇਗਾ । ਹੁਣ ਸ਼ੇਰੇ ਦੀ ਪਤਨੀ ਉਸ ਦੀ ਮ੍ਰਿਤਕ ਦੇਹ ਲੈਣ ਲਈ ਕੈਨੇਡਾ ਜਾਵੇਗੀ ਅਤੇ ਲਗਭਗ 12 ਦਿਨ ਬਾਅਦ ਸ਼ੇਰੇ ਦੀ ਮ੍ਰਿਤਕ ਉਸ ਦੇ ਜੱਦੀ ਪਿੰਡ ਅਠਵਾਲ ਵਿਖੇ ਪਹੁੰਚੇਗੀ। ਤੁਹਾਨੂੰ ਦਸ ਦਈਏ ਕਿ ਸ਼ੇਰਾ ਲੰਮੇ ਸਮੇਂ ਤੋਂ ਕਬੱਡੀ ਖੇਡ ਰਿਹਾ ਸੀ, ਪੂਰੇ ਭਾਰਤ ਤੋਂ ਇਲਾਵਾ ਉਸਨੇ ਵੱਖ-ਵੱਖ ਦੇਸ਼ਾਂ ਵਿੱਚ ਵੀ ਕਬੱਡੀ ਖੇਡੀ। 2018 ਤੋਂ ਉਹ ਕੈਨੇਡਾ ਵਿੱਚ ਪੱਕੇ ਤੌਰ ’ਤੇ ਰਹਿ ਰਿਹਾ ਸੀ।
ਇਲਾਕੇ ਭਰ ਵਿੱਚ ਸ਼ਮਸ਼ੇਰ ਸਿੰਘ ਦੀ ਮੌਤ ਨਾਲ ਗਮਗੀਨ ਮਾਹੌਲ ਬਣਿਆ ਹੋਇਆ ਹੈ। ਦੂਜੇ ਪਾਸੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਦੌਰਾਨ ਰੰਧਾਵਾ ਨੇ ਕਿਹਾ ਕਿ ਸ਼ੇਰੇ ਦੀ ਮੌਤ ਨਾਲ ਨਾ ਸਿਰਫ ਪਰਿਵਾਰ ਨੂੰ ਸਗੋਂ ਪੰਜਾਬ ਭਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurdaspur, Kabaddi Cup, Players, Punjab