ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਨਵਜੋਤ ਸਿੰਘ ਸਿੱਧੂ ਨਾਲ ਨਵੀਂ ਦਿੱਲੀ ਵਿੱਚ ਮੁਲਾਕਾਤ ਨੇ ਪੰਜਾਬ ਕਾਂਗਰਸ ਵਿੱਚ ਹਲਚਲ ਮਚਾ ਦਿੱਤੀ ਹੈ। ਪਾਰਟੀ ਹਲਕਿਆਂ 'ਚ ਚਰਚਾ ਹੈ ਕਿ ਸਿੱਧੂ ਪੰਜਾਬ ਦੇ ਮੁੱਦਿਆਂ 'ਤੇ ਲੜਨ ਲਈ ਉਨ੍ਹਾਂ ਦੇ ਵਿਚਾਰਾਂ ਨਾਲ ਮੇਲ ਖਾਂਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਖੇਤਰੀ ਫਰੰਟ ਬਣਾਉਣ 'ਤੇ ਵਿਚਾਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਆਪਣੀ ਤਸਵੀਰ ਟਵੀਟ ਕੀਤੀ ਸੀ। ਉਨ੍ਹਾਂ ਨੇ ਲਿਖਿਆ ਕਿ 'ਪੁਰਾਣੇ ਦੋਸਤ ਪੀਕੇ ਨਾਲ ਇੱਕ ਸ਼ਾਨਦਾਰ ਮੁਲਾਕਾਤ।; ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਅਤੇ ਪੁਰਾਣੇ ਦੋਸਤ ਸਭ ਤੋਂ ਵਧੀਆ ਹਨ।' ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਂਤ ਕਿਸ਼ੋਰ ਨੇ ‘ਇੰਪਾਵਰਡ ਐਕਸ਼ਨ ਗਰੁੱਪ 2024’ ਦੇ ਹਿੱਸੇ ਵਜੋਂ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।
ਭਾਵੇਂ ਖੇਤਰੀ ਫਰੰਟ ਦੇ ਗਠਨ ਨੂੰ ਲੈ ਕੇ ਸਿੱਧੂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਪਾਰਟੀ ਸੂਤਰਾਂ ਨੇ ਕਿਹਾ ਕਿ 2024 ਦੀਆਂ ਸੰਸਦੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪੀਕੇ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਦਿ ਟ੍ਰਿਬਿਊਨ ਦੀ ਇੱਕ ਰਿਪੋਰਟ ਵਿੱਚ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਸਿੱਧੂ ਨੂੰ ਪਾਰਟੀ ਵਿੱਚ ਇੱਕ ਅਹਿਮ ਭੂਮਿਕਾ ਵਿੱਚ ਵਾਪਸ ਲਿਆ ਸਕਦਾ ਹੈ ਜਾਂ ਪੰਜਾਬ ਵਿੱਚ ਇੱਕ ਬਦਲਵਾਂ ਸਿਆਸੀ ਪਲੇਟਫਾਰਮ ਪ੍ਰਦਾਨ ਕਰਨ ਲਈ ਉਸ ਨੂੰ ਮਜ਼ਬੂਤ ਕਰ ਸਕਦਾ ਹੈ।
ਸਿੱਧੂ ਨੇ ਸਿਆਸੀ ਸਰਗਰਮੀਆਂ ਵਧਾਈਆਂ
ਪਿਛਲੇ ਦਿਨਾਂ ਵਿੱਚ ਸਿੱਧੂ ਪਾਰਟੀ ਦੇ ਸਾਬਕਾ ਵਿਧਾਇਕਾਂ ਅਤੇ ਪਾਰਟੀ ਵਿੱਚੋਂ ਕੱਢੇ ਗਏ ਵਿਧਾਇਕਾਂ ਨੂੰ ਵੀ ਮਿਲਦੇ ਰਹੇ ਹਨ। ਸਿੱਧੂ ਨੇ ਇਨ੍ਹੀਂ ਦਿਨੀਂ ਅਮਨ-ਕਾਨੂੰਨ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮਿਲਣ ਤੋਂ ਲੈ ਕੇ ਰਾਜਪੁਰਾ ਥਰਮਲ ਪਲਾਂਟ ਦੇ ਬਾਹਰ ਧਰਨੇ ਤੱਕ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
ਸਿੱਧੂ ਆਪਣੇ ਉੱਤਰਾਧਿਕਾਰੀ ਰਾਜਾ ਵੜਿੰਗ ਦੇ ਤਾਜਪੋਸ਼ੀ ਸਮਾਗਮ ਵਿੱਚ ਮਹਿਮਾਨ ਹਾਜ਼ਰੀ ਤੋਂ ਇਲਾਵਾ ਨਵੇਂ ਪ੍ਰਦੇਸ਼ ਪ੍ਰਧਾਨ ਦੇ ਨਾਲ ਸਟੇਜ 'ਤੇ ਨਹੀਂ ਦਿਖਾਈ ਦਿੱਤੇ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਕੰਟਰੋਲ ਕੀਤੇ ਜਾਣ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਬੁਰੇ ਦੌਰ 'ਚੋਂ ਲੰਘ ਸਕਦੀ ਹੈ। ਜਿਸ ਕਾਰਨ ਸੂਬੇ ਦੀ ਰਾਜਨੀਤੀ ਵਿੱਚ ਖੇਤਰੀ ਫਰੰਟ ਦੀ ਥਾਂ ਬਣ ਸਕਦੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dr Navjot Kaur Sidhu, Navjot Sidhu, Navjot singh sidhu