"ਕੈਪਟਨ ਅਮਰਿੰਦਰ ਸਿੰਘ ਬਿਨਾ ਸਾਡੇ ਨਾਲ ਕੋਈ ਗੱਲਬਾਤ ਕੀਤੇ ਆਪਣੇ ਪੱਧਰ 'ਤੇ ਹੀ ਗੱਠਜੋੜ ਦਾ ਦਾਅਵਾ ਕਰ ਰਹੇ ਹਨ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ" ਇਹ ਕਹਿਣਾ ਹੈ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ, ਢੀਂਡਸਾ ਮੁਤਾਬਕ ਉਨ੍ਹਾਂ ਦੀ ਤਾਂ ਕੈਪਟਨ ਨਾਲ ਕਿਸੇ ਸਿਆਸੀ ਮੁੱਦੇ 'ਤੇ ਟੈਲੀਫ਼ੋਨ ਰਾਹੀਂ ਵੀ ਕੋਈ ਗੱਲ ਨਹੀਂ ਹੋਈ, ਅਜਿਹੇ 'ਚ ਕੋਈ ਵੀ ਵੱਡਾ ਸਿਆਸੀ ਗੱਠਜੋੜ ਸੰਭਵ ਹੀ ਨਹੀਂ। ਅਜੇ ਅਸੀਂ ਅਜਿਹੇ ਹਲਾਤ 'ਚ ਨਹੀਂ ਹਾਂ ਕਿ ਕੋਈ ਫੈਸਲਾ ਕੀਤਾ ਜਾ ਸਕੇ।
ਸੁਖਦੇਵ ਸਿੰਘ ਢੀਂਡਸਾ ਨੇ ਸਾਫ਼ ਕਿਹਾ ਕਿ ਜਦੋਂ ਤੱਕ ਕਿਸਾਨੀ ਮਸਲੇ ਦਾ ਹੱਲ ਨਹੀਂ ਹੋ ਜਾਂਦਾ, ਅਸੀਂ ਕਿਸੇ ਵੀ ਸਿਆਸੀ ਧਿਰ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ। ਸਾਡੇ ਲਈ ਕਿਸਾਨ ਹਿੱਤ ਪਹਿਲਾਂ ਤੇ ਸਿਆਸਤ ਬਾਅਦ 'ਚ ਹੈ। ਆਪਣੀ ਸੱਤਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾ ਬੇਅਦਬੀ ਮਾਮਲਿਆਂ 'ਚ ਇਨਸਾਫ਼ ਦਵਾ ਸਕੇ, ਨਾ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ 'ਚ ਕਾਰਵਾਈ ਹੋਈ, ਨਸ਼ੇ ਦਾ ਮੁੱਦਾ, ਮਾਈਨਿੰਗ ਮਾਫ਼ੀਆ ਤੇ ਹੋਰ ਅਨੇਕ ਮੁੱਦਿਆਂ 'ਚ ਹੀ ਕੋਈ ਕਾਰਵਾਈ ਕੀਤੀ, ਅਜਿਹੇ 'ਚ ਉਨ੍ਹਾਂ ਨਾਲ ਗੱਲਬਾਤ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।
ਢੀਂਡਸਾ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਖੁਦ ਮੰਨ ਵੀ ਰਹੇ ਹਨ ਕਿ ਮੇਰੀ ਅਜੇ ਹੋਰ ਰਾਜਨੀਤਕ ਦਲਾਂ ਨਾਲ ਕੋਈ ਗੱਲਬਾਤ ਨਹੀਂ ਹੋਈ, ਪਰ ਬਾਵਜੂਦ ਇਸਦੇ ਉਹ ਖੁਦ ਹੀ ਸਿਆਸੀ ਗੱਠਜੋੜ ਦੇ ਦਾਅਵੇ ਵੀ ਕਰ ਰਹੇ ਹਨ। ਕੈਪਟਨ ਕਿਸਾਨੀ ਮਸਲੇ ਦਾ ਹੱਲ ਕਰਵਾਉਣ ਦੀ ਵੀ ਗੱਲ ਕਰ ਰਹੇ ਹਨ, ਪਰ ਖੁਦ ਹੀ ਕਹਿ ਰਹੇ ਹਨ ਕਿ ਉਨ੍ਹਾਂ ਦੀ ਕਿਸਾਨਾਂ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ, ਕੈਪਟਨ ਸਾਹਬ ਸੂਬੇ ਦੇ ਮੁੱਖ ਮੰਤਰੀ ਰਹੇ ਹਨ, ਉਨ੍ਹਾਂ ਨੂੰ ਕੋਈ ਵੀ ਬਿਆਨ ਜਿੰਮੇਵਾਰੀ ਨਾਲ ਦੇਣਾ ਚਾਹੀਦਾ ਹੈ।
ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਦਾਅਵਾ ਕੀਤਾ ਸੀ ਕਿ ਉਹ ਆਪਣੀ ਨਵੀਂ ਪਾਰਟੀ ਬਣਾ ਕੇ ਬੀਜੇਪੀ ਤੇ ਅਕਾਲੀ ਦਲ ਸੰਯੁਕਤ ਨਾਲ ਸੀਟਾਂ ਦਾ ਸਮਝੌਤਾ ਕਰਕੇ ਚੋਣਾਂ ਲੜਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।