ਜਲੰਧਰ : ਭਾਰਤ 'ਚ ਵੈਟੀਕਨ ਦੇ ਨੁਮਾਇੰਦੇ ਆਰਚਬਿਸ਼ਪ ਲਿਓਪੋਲਡੋ ਗਿਰੇਲੀ ਪੰਜਾਬ ਦੇ ਤਿੰਨ ਦਿਨਾਂ ਦੌਰੇ 'ਤੇ ਸ਼ੁੱਕਰਵਾਰ ਨੂੰ ਜਲੰਧਰ ਦੇ ਬਿਸ਼ਪ ਹਾਊਸ ਪਹੁੰਚੇ। ਹਾਲਾਂਕਿ, ਉਨ੍ਹਾਂ ਦੀ ਪੰਜਾਬ ਫੇਰੀ ਦਾ ਕੁਝ ਸਿੱਖ ਅਤੇ ਹਿੰਦੂ ਸੰਗਠਨਾਂ ਦੁਆਰਾ ਵਿਰੋਧ ਕੀਤਾ ਗਿਆ ਸੀ, ਜਿਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੀ ਫੇਰੀ ਦਾ ਲੁਕਿਆ ਉਦੇਸ਼ ਦੂਜੇ ਧਰਮਾਂ ਦੇ ਲੋਕਾਂ ਨੂੰ ਈਸਾਈ ਧਰਮ ਵਿੱਚ ਤਬਦੀਲ ਕਰਨਾ ਸੀ। ਈਸਾਈ ਭਾਈਚਾਰੇ ਦੇ ਆਗੂ ਅਤੇ ਡਾਇਓਸੇਸਨ ਪਾਸਟੋਰਲ ਕੌਂਸਲ ਦੇ ਮੈਂਬਰ ਤਰਸੇਮ ਪੀਟਰ ਨੇ ਪ੍ਰਦਰਸ਼ਨਕਾਰੀਆਂ ਦੇ ਡਰ ਨੂੰ ਦੂਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗਲਤ ਜਾਣਕਾਰੀ ਦਿੱਤੀ ਗਈ ਸੀ ਅਤੇ ਇਸ ਅਫਵਾਹ ਵਿੱਚ ਕੋਈ ਸੱਚਾਈ ਨਹੀਂ ਹੈ।
ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਧਰਮ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਸਾਰਿਆਂ ਨੂੰ ਇੱਕ ਦੂਜੇ ਦੇ ਧਰਮ ਜਾਂ ਫਿਰਕੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕੈਥੋਲਿਕ ਯੂਨੀਅਨ ਦੇ ਆਗੂ ਜੋਨਸ ਪੀਟਰ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਆਗੂ ਧਰਮ ਪ੍ਰਚਾਰ ਲਈ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਦੇ ਹਨ। ਆਰਚਬਿਸ਼ਪ ਲਿਓਪੋਲਡੋ ਗਿਰੇਲੀ ਦੀ ਇਸ ਫੇਰੀ ਦਾ ਬੇਲੋੜਾ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਹੈ। ਪੰਜਾਬ ਵਿੱਚ ਪ੍ਰਦਰਸ਼ਨਕਾਰੀਆਂ ਦੇ ਰਵੱਈਏ ਦੀ ਆਲੋਚਨਾ ਕਰਦਿਆਂ ਈਸਾਈ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਪੰਜਾਬੀਆਂ ਦਾ ਆਪੋ-ਆਪਣੇ ਧਰਮਾਂ ਵਿੱਚ ਵਿਸ਼ਵਾਸ ਇੰਨਾ ਕਮਜ਼ੋਰ ਨਹੀਂ ਹੋ ਸਕਦਾ।
ਕੈਥੋਲਿਕ ਚਰਚ ਦੇ ਬਿਸ਼ਪ ਆਰਚਬਿਸ਼ਪ ਲਿਓਪੋਲਡੋ ਗਿਰੇਲੀ ਦੋ ਦਿਨਾਂ ਦੌਰੇ ਉਤੇ ਹਨ, ਉਹ 12 ਜੂਨ ਤੱਕ ਪੰਜਾਬ ਵਿੱਚ ਰਹਿਣਣਗੇ। ਹਿੰਦੂ ਅਤੇ ਸਿੱਖ ਜਥੇਬੰਦੀਆਂ ਦਾ ਦੋਸ਼ ਹੈ ਕਿ ਆਰਚਬਿਸ਼ਪ ਦੇ ਆਉਣ ਤੋਂ ਬਾਅਦ ਸੂਬੇ ਵਿੱਚ ਸਰਗਰਮੀਆਂ ਦੌਰਾਨ ਧਰਮ ਪਰਿਵਰਤਨ ਕਰਵਾਉਣ ਦੀ ਸੰਭਾਵਨਾ ਹੈ। ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ। ਅਜਿਹੇ 'ਚ ਜਲੰਧਰ ਜ਼ਿਲਾ ਪ੍ਰਸ਼ਾਸਨ ਨੂੰ ਗੰਭੀਰਤਾ ਦਿਖਾਉਂਦੇ ਹੋਏ ਉਨ੍ਹਾਂ ਦਾ ਦੌਰਾ ਰੱਦ ਕਰਨਾ ਚਾਹੀਦਾ ਹੈ। ਇਸ ਸਬੰਧੀ ਜ਼ਿਲ੍ਹੇ ਦੀਆਂ ਹਿੰਦੂ ਤੇ ਸਿੱਖ ਜਥੇਬੰਦੀਆਂ ਨੇ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਮੰਗ ਪੱਤਰ ਦੇ ਕੇ ਰੋਹ ਦਾ ਪ੍ਰਗਟਾਵਾ ਕਰਦਿਆਂ ਆਰਚਬਿਸ਼ਪ ਦੀ ਫੇਰੀ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।
ਹਿੰਦੂ ਸੰਗਠਨਾਂ ਦੇ ਨੁਮਾਇੰਦੇ ਹਿੰਦ ਕ੍ਰਾਂਤੀ ਦਲ ਦੇ ਕੌਮੀ ਪ੍ਰਧਾਨ ਮਨੋਜ ਨੰਨ੍ਹਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਕੱਠੇ ਹੋਏ। ਇੱਥੇ ਉਨ੍ਹਾਂ ਪੁਲੀਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਨੰਨ੍ਹਾ ਨੇ ਕਿਹਾ ਕਿ ਪੰਜਾਬ ਵਿੱਚ ਤੇਜ਼ੀ ਨਾਲ ਧਰਮ ਪਰਿਵਰਤਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਕਿਸੇ ਦਾ ਇਲਾਜ ਕਰਵਾਉਣ ਲਈ, ਕਿਸੇ ਨੂੰ ਵਿਦੇਸ਼ ਭੇਜਣ ਲਈ ਪੈਸੇ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ, ਜੋ ਕੌਮ ਲਈ ਘਾਤਕ ਹੈ। ਅਜਿਹੇ 'ਚ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਆਰਚਬਿਸ਼ਪ ਦੇ ਦੌਰੇ 'ਤੇ ਸਖਤੀ ਨਾਲ ਰੋਕ ਲਗਾਉਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਨਾਲ ਕੁਨਾਲ ਕੋਹਲੀ, ਡਾ: ਵਿਨੀਤ ਸ਼ਰਮਾ, ਕਿਸ਼ਨ ਲਾਲ ਸ਼ਰਮਾ ਸਮੇਤ ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ | ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਸਿੱਖ ਜਥੇਬੰਦੀਆਂ ਨੇ ਏਡੀਸੀ ਮੇਜਰ ਅਮਿਤ ਸਰੀਨ ਨੂੰ ਮੰਗ ਪੱਤਰ ਦੇ ਕੇ ਆਰਚਬਿਸ਼ਪ ਦੀ ਫੇਰੀ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿੱਟੀ ਅਤੇ ਗੁਰਜੀਤ ਸਿੰਘ ਸਤਨਾਮੀਆ ਨੇ ਕਿਹਾ ਕਿ ਪੰਜਾਬ ਦੇ ਹਿੰਦੂ-ਸਿੱਖ ਪਰਿਵਾਰਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਆਰਚਬਿਸ਼ਪ ਦੀ ਪੰਜਾਬ ਫੇਰੀ ਇਸ ਨੂੰ ਹੋਰ ਹੁਲਾਰਾ ਦੇ ਸਕਦੀ ਹੈ, ਜਿਸ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jalandhar