Surinder Kamboj
ਜਲੰਧਰ: ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਬਾ ਪੱਧਰ ਦੇ ਹੁਨਰ ਮੁਕਾਬਲੇ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ, ਸੀ. ਟੀ.ਇੰਸਟੀਟਿਊਟ ਅਤੇ ਸੈਂਟਰਲ ਇੰਸਟੀਟਿਊਟ ਆਫ਼ ਹੈਂਡ ਟੂਲਜ਼ ਮਕਸੂਦਾਂ ਵਿਖੇ ਕਰਵਾਏ ਗਏ, ਜਿਥੇ ਜ਼ਿਲ੍ਹਾ ਜਲੰਧਰ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਵੀ ਉਮੀਦਵਾਰਾਂ ਨੇ ਵੱਖ-ਵੱਖ ਸਕਿੱਲ ਕੋਰਸਾਂ ਵਿੱਚ ਭਾਗ ਲਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜਲੰਧਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਏ.ਪੀ.ਜੇ ਕਾਲਜ ਆਫ਼ ਫਾਈਨ ਆਰਟਸ ਵਿਖੇ ਵਿਜ਼ੂਅਲ ਮਰਚੰਡਾਈਜ਼ਿੰਗ, ਕਲਾਊਡ ਕੰਪੀਊਟਿੰਗ ਅਤੇ ਪੇਂਟਿੰਗ ਤੇ ਡੈਕੋਰੇਸ਼ਨ ਦੇ ਮੁਕਾਬਲਿਆਂ ਲਈ ਕੁੱਲ 49 ਉਮੀਦਵਾਰਾਂ ਨੇ ਭਾਗ ਲਿਆ। ਜਦਕਿ ਸੀ.ਟੀ ਇੰਸਟੀਟਿਊਟ ਵਿਖੇ ਰੈਸਟੋਰੈਂਟ ਸਰਵਿਸ ਅਤੇ ਇੰਨਫਰਮੇਸ਼ਨ ਟੈਕਨੋਲਜੀ ਤੇ ਨੈਟਵਰਕ ਕੇਬਲਿੰਗ ਲਈ 19 ਉਮੀਦਵਾਰਾਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਸੈਂਟਰਲ ਇੰਸਟੀਟਿਊਟ ਆਫ ਹੈਂਡ ਟੂਲਜ਼ ਵਿਖੇ ਸੀ.ਐਨ.ਸੀ ਟਰਨਿੰਗ ਦੇ ਮੁਕਾਬਲਿਆਂ ਲਈ ਕੁੱਲ 17 ਉਮੀਦਵਾਰਾਂ ਨੇ ਭਾਗ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੂੰ ਲੈ ਕੇ ਉਮੀਦਵਾਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਏ.ਪੀ.ਜੇ. ਕਾਲਜ ਜਲੰਧਰ ਵਿਖੇ ਹੋਏ ਕਲਾਊਡ ਕੰਪਿਊਟਿੰਗ ਦੇ ਮੁਕਾਬਲੇ ਵਿੱਚ ਪ੍ਰਿਆਂਸ਼ੂ, ਪੇਂਟਿੰਗ ਅਤੇ ਡੈਕੋਰੇਟਿੰਗ ਵਿੱਚ ਪਾਰਸ ਅਤੇ ਵਿਜ਼ੂਅਲ ਮਰਚੰਡਾਈਜ਼ਿੰਗ ਵਿੱਚ ਅੰਸ਼ਿਕਾ ਕੌਸ਼ਲ ਜੇਤੂ ਰਹੇ ਜਦਕਿ ਸੀ.ਟੀ. ਇੰਸਟੀਚਿਊਟ ਵਿਖੇ ਹੋਏ ਰੈਸਟੋਰੈਂਟ ਸਰਵਿਸ ਮੁਕਾਬਲੇ ਵਿੱਚ ਅਰਾਧਿਆ ਰਾਏ ਅਤੇ ਇਨਫਰਮੇਸ਼ਨ ਨੈਟਵਰਕ ਕੇਬਲਿੰਗ ਵਿੱਚ ਕਮਲਜੀਤ ਨੇ ਬਾਜ਼ੀ ਮਾਰੀ। ਇਸਤੋਂ ਇਲਾਵਾ ਸੈਂਟਰਲ ਇੰਸਟੀਚਿਊਟ ਆਫ਼ ਹੈਂਡ ਟੂਲਜ਼, ਜਲੰਧਰ ਵਿਖੇ ਹੋਏ ਸੀ.ਐਨ.ਸੀ. ਟਰਨਿੰਗ ਦੇ ਮੁਕਾਬਲੇ ਵਿੱਚ ਸਹਿਕੀਰਤ ਸਿੰਘ ਅਤੇ ਗੁਨਦੀਪ ਸਿੰਘ ਜੇਤੂ ਰਹੇ।
ਉਨ੍ਹਾਂ ਇਹ ਵੀ ਦੱਸਿਆ ਕਿ ਜੇਤੂ ਉਮੀਦਵਾਰ ਹੁਣ ਰਾਸ਼ਟਰੀ ਪੱਧਰ 'ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚੋਂ ਜੇਤੂ ਰਹਿਣ ਵਾਲੇ ਉਮੀਦਵਾਰ ਫਾਈਨਲ ਮੁਕਾਲਿਆਂ ਵਿੱਚ, ਜੋ ਕਿ ਸਾਲ 2022 ਵਿੱਚ ਸ਼ਿੰਘਾਈ, ਚੀਨ ਵਿਖੇ ਹੋਵੇਗਾ, ਵਿੱਚ ਭਾਗ ਲੈਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਜੇਤੂ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹੁਨਰ ਵਿਕਾਸ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਲਿਆ ਰਿਹਾ ਹੈ ਅਤੇ ਨੌਜਵਾਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੇ ਬਹੁਤ ਵਧੀਆ ਮੌਕੇ ਪ੍ਰਦਾਨ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jalandhar, Punjab, Punjab government, Sports