ਪੰਜਾਬ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਦੇ ਵਿੱਚ ਵਿਦੇਸ਼ ਜਾ ਕੇ ਨੌਕਰੀ ਕਰਨ ਦਾ ਇੰਨਾ ਕ੍ਰੇਜ਼ ਹੈ ਕਿ ਉਹ ਇਸ ਦੇ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ । ਇਸ ਦੌਰਾਨ ਉਹ ਧੌਖੇਬਾਜ਼ੀ ਦਾ ਵੀ ਸ਼ਿਕਾਰ ਹੋ ਜਾਂਦੇ ਹਨ ।ਪੰਜਾਬ ਦੇ ਫਿਲੌਰ ਤੋਂ ਬਾਅਦ ਹੁਣ ਜਲੰਧਰ ਦੇ ਗੁਰਾਇਆ ਦੀ ਇੱਕ ਕੁੜੀ ਨੇ ਪੰਜਾਬ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ।ਦਰਅਸਲ ਪਿਛਲੇ 7 ਮਹੀਨਿਆਂ ਤੋਂ ਦੁਬਈ ਦੇ ਵਿੱਚ ਫਸੀ ਗੁਰਪ੍ਰੀਤ ਕੌਰ ਨਾਮ ਦੀ ਕੁੜੀ ਦਾ ਇਲਜ਼ਾਮ ਹੈ ਕਿ ਉਸ ਨੂੰ 13000 ਦਰਾਮ ਦੇ ਪਿੱਛੇ ਏਜੰਟ ਦੇ ਵੱਲੋਂ ਵੇਚ ਦਿੱਤਾ ਗਿਆ ਹੈ। ਪੀੜਤ ਗੁਰਪ੍ਰੀਤ ਕੌਰ ਨੇ ਮਦਦ ਦੇ ਲਈ ਜੋ ਵੀਡੀਓ ਭੇਜੀ ਹੈ ਉਸ ਦੇ ਵਿੱਚ ਉਸ ਨੇ ਵੇਚਣ ਵਾਲੇ ਏਜੰਟ ਦਾ ਨਾਮ ਅਤੇ ਉਸ ਦਾ ਪਤਾ ਦੱਸਦਿਆਂ ਕਿਹਾ ਹੈ ਕਿ ਉਸ ਦੇ ਨਾਲ ਇਹ ਘਿਨਾਉਣੀ ਹਕਰਤ ਕਰਨ ਵਾਲਾ ਸ਼ਖਸ ਜਲੰਧਰ ਸ਼ਾਹਕੋਟ ਦੇ ਪਿੰਡ ਬਾਮਣੀਆਂ ਦੇ ਰਹਿਣ ਵਾਲੇ ਚਮਕੌਰ ਸਿੰਘ ਦਾ ਪੁੱਤਰ ਪ੍ਰੀਤਮ ਸਿੰਘ ਹੈ।
ਪੀੜਤ ਗੁਰਪ੍ਰੀਤ ਕੌਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਏਜੰਟ ਪ੍ਰੀਤਮ ਸਿੰਘ ਨੂੰ ਗ੍ਰਿਫਤਾਰ ਕਰ ਕੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਉਹ ਕਿਸੇ ਹੋਰ ਨਾਲ ਅਜਿਹਾ ਨਾ ਕਰ ਸਕੇ। ਗੁਰਪ੍ਰੀਤ ਕੌਰ ਨੇ ਪੰਜਾਬ ਸਰਕਾਰ ਨੂੰ ਉਸ ਨੂੰ ਆਪਣੇ ਵਤਨ ਵਾਪਸ ਲਿਆਉਣ ਦੀ ਵੀ ਅਪੀਲ ਕੀਤੀ ਹੈ।
ਇਸ ਮਾਮਲੇ ਦੇ ਬਾਰੇ ਫਿਲੌਰ ਦੇ ਡੀ.ਐੱਸ.ਪੀ. ਜਗਦੀਸ਼ ਰਾਜ ਨੇ ਭਰੋਸਾ ਦਿੱਤਾ ਹੈ ਕਿ ਲੜਕੀ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਨੂੰ ਬਖਸ਼ਿਆ ਨਹੀਂ ਜਾਵੇਗਾ । ਜਿਸ ਦੇ ਲਈ ਉਨ੍ਹਾਂ ਨੇ ਥਾਣਾ ਇੰਚਾਰਜ ਨੂੰ ਤੁਰੰਤ ਜਾਂਚ ਕਰ ਕੇ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਡੀ.ਐੱਸ.ਪੀ. ਸਬ ਡਵੀਜ਼ਨ ਫਿਲੌਰ ਜਗਦੀਸ਼ ਰਾਜ ਦਾ ਕਹਿਣਾ ਕਿ ਇਹ ਮਾਮਲਾ ਅਖਬਾਰਾਂ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ।ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਇੰਚਾਰਜ ਨੂੰ ਇਸ ਏਜੰਟ ਅਤੇ ਉਸ ਦੇ ਸਾਥੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਪੀੜਤ ਕੁੜੀ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਦਾ ਵੀ ਭਰੋਸਾ ਦਿੱੱਤਾ ਹੈ। ਇਸ ਦੇ ਨਾਲ ਹੀ ਡੀ.ਐੱਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗਲਤ ਏਜੰਟਾਂ ਦੇ ਰਾਹੀਂ ਵਿਦੇਸ਼ ਨਾ ਭੇਜਣ,ਤਾਂ ਜੋ ਉਨ੍ਹਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।
ਤੁਹਾਨੂੰ ਦੱਸ ਦੇਈਏ ਕਿ ਦੁਬਈ 'ਚ ਕੰਮ ਦਿਵਾਉਣ ਦੇ ਨਾਮ 'ਤੇ ਪੈਸੇ ਦੇ ਲਾਲਚੀ ਟ੍ਰੈਵਲ ਏਜੰਟਾਂ ਦੇ ਵੱਲੋਂ ਪੰਜਾਬ ਦੀਆਂ ਲੋੜਵੰਦ ਕੁੜੀਆਂ ਦੀ ਦਲਾਲੀ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dubai, Fraud, India, Travel agent