
ਜਥੇਦਾਰ ਵੱਲੋਂ ਦਰਸ਼ਨ ਧਾਲੀਵਾਲ ਨੂੰ ਦੇਸ਼ 'ਚ ਦਾਖਲੇ ਦੀ ਇਜਾਜ਼ਤ ਨਾ ਦੇਣ ਦੀ ਨਿਖੇਧੀ
Munish Garg
ਤਲਵੰਡੀ ਸਾਬੋ: ਅਮਰੀਕਾ ਦੇ ਉੱਘੇ ਕਾਰੋਬਾਰੀ ਸਿੱਖ ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਵਿੱਚ ਦਾਖਲਾ ਨਾ ਦਿੰਦਿਆਂ ਦਿੱਲੀ ਦੇ ਹਵਾਈ ਅੱਡੇ ਤੋਂ ਵਾਪਸ ਭੇਜ ਦੇਣ ਨੂੰ ਮੰਦਭਾਗਾ ਵਰਤਾਰਾ ਕਰਾਰ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਕਤ ਘਟਨਾ ਦੀ ਨਿਖੇਧੀ ਕੀਤੀ ਹੈ।
ਅੱਜ ਦਮਦਮਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਦਰਸ਼ਨ ਸਿੰਘ ਧਾਲੀਵਾਲ ਨੂੰ ਹਵਾਈ ਅੱਡੇ ਤੋਂ ਵਾਪਸ ਅਮਰੀਕਾ ਭੇਜਣ ਵਿੱਚ ਕਾਰਨ ਇਹ ਸਾਹਮਣੇ ਆਇਆ ਹੈ ਕਿ ਪਿਛਲੇ ਦਿਨਾਂ ਵਿੱਚ ਦਰਸ਼ਨ ਸਿੰਘ ਨੇ ਦਿੱਲੀ ਕਿਸਾਨ ਸੰਘਰਸ਼ ਦੀ ਆਰਥਿਕ ਸਹਾਇਤਾ ਕੀਤੀ ਹੈ।
ਸਿੰਘ ਸਾਹਿਬ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਮੋਰਚੇ ਲਗਾ ਕੇ ਕਾਨੂੰਨ ਰੱਦ ਕਰਵਾਉਣ ਲਈ ਲੜਾਈ ਲੜ ਰਹੇ ਕਿਸਾਨ ਸੰਘਰਸ਼ ਦੀ ਜਾਂ ਕਿਸਾਨ ਜਥੇਬੰਦੀਆਂ ਦੀ ਆਰਥਿਕ ਸਹਾਇਤਾ ਕਰਨਾ ਕੋਈ ਜੁਰਮ ਨਹੀ ਹੈ, ਇਸ ਲਈ ਦਰਸ਼ਨ ਸਿੰਘ ਨੂੰ ਵਾਪਸ ਭੇਜਣ ਵਰਗੀ ਘਟਨਾ ਨੂੰ ਅੰਜਾਮ ਨਹੀ ਦਿੱਤਾ ਜਾਣਾ ਚਾਹੀਦਾ ਸੀ।
ਉੱਧਰ, ਸਿੰਘ ਸਾਹਿਬ ਨੇ ਦੱਸਿਆ ਕਿ ਲੁਧਿਆਣਾ ਦਾ ਇੱਕ ਅਨਿਲ ਨਾਂ ਦਾ ਵਿਅਕਤੀ ਹੈ ਜਿਸ ਨੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੁੂ ਨਾਨਕ ਦੇਵ ਜੀ ਪ੍ਰਤੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਭਾਂਵੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੇ ਉਸ ਖਿਲਾਫ ਪਰਚਾ ਤਾਂ ਦਰਜ ਕਰ ਲਿਆ ਹੈ ਪ੍ਰੰਤੂ ਉਸ ਨੂੰ ਗ੍ਰਿਫਤਾਰ ਨਹੀ ਕੀਤਾ ਜਾ ਰਿਹਾ ਜਿਸ ਕਾਰਨ ਨਾ ਕੇਵਲ ਸਿੱਖ ਸੰਗਤ ਸਗੋਂ ਗੁਰੂੁ ਨਾਨਕ ਸਾਹਿਬ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਦੀ ਭਾਵਨਾ ਨੂੰ ਠੇਸ ਪੁੱਜੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਕਤ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕਰੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।