• Home
 • »
 • News
 • »
 • punjab
 • »
 • KAPURTHALA FOUR DRUG SMUGGLERS ARRESTED WITH 3 75 QUINTALS CHOORA POST HIDDEN IN TRUCK

Kapurthala : ਟਰੱਕ 'ਚ ਲੁਕੋਈ 3.75 ਕੁਇੰਟਲ ਭੁੱਕੀ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ

ਕਪੂਰਥਲਾ ਪੁਲਿਸ ਨੇ ਅੰਤਰ-ਰਾਜੀ ਨਸ਼ਾ ਤਸਕਰੀ ਨੂੰ ਕੀਤਾ ਨਾਕਾਮ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

 • Share this:
  Jagjit Dhanju

  ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸਿਧਾਰਥ ਚਟੋਪਾਧਿਆਏ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕਪੂਰਥਲਾ ਪੁਲਿਸ ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਤੋਂ ਨਸ਼ਿਆਂ ਦੀ ਇੱਕ ਵੱਡੀ ਖੇਪ ਸੂਬੇ ਵਿੱਚ ਲਿਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਇੱਕ ਟਰੱਕ ਵਿੱਚ ਛੁਪਾਈ ਹੋਈ 3.75 ਕੁਇੰਟਲ ਭੁੱਕੀ ਬਰਾਮਦ ਕਰਕੇ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।

  ਫੜੇ ਗਏ ਮੁਲਜ਼ਮਾਂ ਦੀ ਪਛਾਣ ਪਿਆਰਾ ਲਾਲ ਵਾਸੀ ਜੱਕੋਪੁਰ, ਸੁਰਿੰਦਰ ਵਾਸੀ ਸਬੂਵਾਲ ਜਲੰਧਰ ਅਤੇ ਜਸਬੀਰ ਸਿੰਘ ਕਾਲਾ, ਦੀਦਾਰ ਸਿੰਘ ਵਾਸੀ ਸੈਂਚਾ ਕਪੂਰਥਲਾ ਵਜੋਂ ਹੋਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਕਪੂਰਥਲਾ ਵਿੱਚ ਸਰਗਰਮ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ।

  ਉਨ੍ਹਾਂ ਦੱਸਿਆ ਕਿ ਇਸ ਲਈ ਵਿਸ਼ੇਸ਼ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਿਸ ਵਿਚ ਐਸ.ਐਚ.ਓ ਥਾਣਾ ਤਲਵੰਡੀ ਚੌਧਰੀਆਂ ਜਰਨੈਲ ਸਿੰਘ ਦੀ ਅਗਵਾਈ ਹੇਠ ਇਕ ਟੀਮ ਗੁਪਤ ਸੂਚਨਾ ਦੇ ਅਧਾਰ 'ਤੇ ਕਪੂਰਥਲਾ-ਸੁਲਤਾਨਪੁਰ ਲੋਧੀ ਮੁੱਖ ਮਾਰਗ 'ਤੇ ਗਸ਼ਤ ਕਰ ਰਹੀ ਸੀ।  ਪੁਲਿਸ ਟੀਮ ਨੇ ਕਪੂਰਥਲਾ ਸੁਲਤਾਨਪੁਰ ਲੋਧੀ ਰੋਡ 'ਤੇ ਇੱਕ ਨਾਕੇ 'ਤੇ ਪੰਜਾਬ ਰਜਿਸਟ੍ਰੇਸ਼ਨ ਨੰਬਰ "ਪੀਬੀ06 ਜੀ 6777" ਵਾਲੇ ਇੱਕ ਟਰੱਕ ਨੂੰ ਰੋਕ ਕੇ ਟਰੱਕ ਵਿੱਚ ਬਣਾਏ ਵਿਸ਼ੇਸ਼ ਡੱਬੇ ਵਿੱਚ ਛੁਪਾ ਕੇ ਰੱਖੀ 3.75 ਕੁਇੰਟਲ ਭੁੱਕੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਭੁੱਕੀ ਨੂੰ ਛੁਪਾਉਣ ਲਈ ਬਣਾਇਆ ਗੁਪਤ ਡੱਬਾ ਉਪਰੋਂ ਦੇਖਣ ਵਿਚ ਇਕ ਆਮ ਟਰੱਕ ਦੇ ਫਰਸ਼ ਵਰਗਾ ਲੱਗਦਾ ਸੀ ਅਤੇ ਇਸ 'ਤੇ ਬਾਸਮਤੀ ਚੌਲਾਂ ਦੀਆਂ 350 ਬੋਰੀਆਂ ਰੱਖੀਆਂ ਗਈਆਂ ਸਨ। ਤਲਾਸ਼ੀ ਦੌਰਾਨ ਪੁਲਿਸ ਟੀਮ ਨੂੰ ਫ਼ਰਸ਼ ਵਿੱਚ ਛੁਪੇ ਹੋਏ ਨੱਟ ਅਤੇ ਬੋਲਟ ਮਿਲੇ ਅਤੇ ਉਨ੍ਹਾਂ ਨੂੰ ਖੋਲ੍ਹਣ 'ਤੇ 25 ਬੋਰੀਆਂ (15/15 ਕਿਲੋਗ੍ਰਾਮ) ਭੁੱਕੀ ਬਰਾਮਦ ਹੋਈ।

  ਐਸਐਸਪੀ ਨੇ ਦੱਸਿਆ ਕਿ ਪੰਜਾਬ ਦੇ ਗ੍ਰਹਿ ਮੰਤਰੀ ਵੱਲੋਂ ਜੰਮੂ-ਕਸ਼ਮੀਰ ਅਤੇ ਮੱਧ ਪ੍ਰਦੇਸ਼ ਤੋਂ ਵਿਸ਼ੇਸ਼ ਤੌਰ 'ਤੇ ਆਉਣ ਵਾਲੇ ਅੰਤਰਰਾਜੀ ਵਾਹਨਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਕਪੂਰਥਲਾ ਪੁਲਿਸ ਵੱਲੋਂ ਪਿਛਲੇ ਮਹੀਨੇ ਤੋਂ ਇਹ ਤੀਸਰੀ ਵੱਡੀ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੈ।

  ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਐਮ.ਪੀ. ਤੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਲੈ ਕੇ ਆਇਆ ਸੀ, ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 15 (ਸੀ), 25, 29, 61/85 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਰੈਕੇਟ ਦੇ ਬਾਕੀ ਮੈਂਬਰਾਂ ਨੂੰ ਕਾਬੂ ਕੀਤਾ ਜਾਵੇਗਾ।
  Published by:Ashish Sharma
  First published: