ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਲਈ ਲਾਈਆਂ ਇਹ ਸ਼ਰਤਾਂ, ਭਾਰਤ ਨੂੰ ਇਤਰਾਜ਼

  • Share this:
    ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਚਾਲੂ ਕਰਨ ਲਈ ਕਈ ਸ਼ਰਤਾਂ ਲਾ ਦਿੱਤੀਆਂ ਹਨ ਅਤੇ ਭਾਰਤ ਵੱਲੋਂ ਪੇਸ਼ ਕੀਤੀਆਂ ਸਾਰੀਆਂ ਪੇਸ਼ਕਸ਼ਾਂ ਜਿਨ੍ਹਾਂ ਵਿਚ ਲਾਂਘਾ ਸਿੱਖ ਸ਼ਰਧਾਲੂਆਂ ਲਈ ਸਾਰਾ ਸਾਲ ਖੋਲ੍ਹਣ ਦੀ ਤਜਵੀਜ਼ ਵੀ ਸ਼ਾਮਲ ਹੈ, ਦਾ ਵਿਰੋਧ ਕੀਤਾ ਹੈ। ਪਾਕਿਸਤਾਨ ਦੇ ਅਧਿਕਾਰੀ ਇਸ ਗੱਲ ਉੱਤੇ ਜ਼ੋਰ ਦੇ ਰਹੇ ਹਨ ਕਿ ਇੱਕ ਦਿਨ ਵਿੱਚ ਸਿਰਫ਼ ਸੱਤ ਸੌ ਸ਼ਰਧਾਲੂਆਂ ਨੂੰ ਹੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਭਾਰਤ ਸਰਕਾਰ ਨੇ ਇਸ ਉਤੇ ਡਾਢਾ ਇਤਰਾਜ਼ ਜਤਾਇਆ ਹੈ।

    ਇਸ ਤੋਂ ਇਲਾਵਾ ਪਾਕਿਸਤਾਨ ਦੀ ਸ਼ਰਤ ਹੈ ਕਿ ਸ਼ਰਧਾਲੂ ਵਿਸ਼ੇਸ਼ ਪਰਮਿਟ ਲੈ ਕੇ ਆਉਣ ਅਤੇ ਵੀਜ਼ਾ ਫੀਸ ਵੀ ਅਦਾ ਕਰਨ ਜਦੋਂ ਕਿ ਭਾਰਤ ਚਾਹੁੰਦਾ ਹੈ ਕਿ ਇਹ ਯਾਤਰਾ ਵੀਜ਼ੇ ਤੋਂ ਬਿਨਾਂ ਅਤੇ ਬਿਨਾਂ ਫੀਸ ਦੇ ਹੀ ਹੋਣੀ ਚਾਹੀਦੀ ਹੈ। ਭਾਰਤ ਦੇ ਅਧਿਕਾਰੀਆਂ ਨੇ ਇਹ ਤਜਵੀਜ਼ ਰੱਖੀ ਹੈ ਕਿ ਨਾ ਸਿਰਫ ਭਾਰਤੀ ਸ਼ਰਧਾਲੂਆਂ ਸਗੋਂ ਵਿਦੇਸ਼ ਤੋਂ ਆਉਣ ਵਾਲੇ ਭਾਰਤੀ ਕਾਰਡ ਵਾਲੇ ਸ਼ਰਧਾਲੂਆਂ ਨੂੰ ਵੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਭਾਰਤ ਚਾਹੁੰਦਾ ਹੈ ਕਿ ਲਾਂਘਾ ਹਫ਼ਤੇ ਵਿਚ ਸੱਤ ਦਿਨ ਅਤੇ ਸਾਰਾ ਸਾਲ ਖੁੱਲ੍ਹਾ ਰਹਿਣਾ ਚਾਹੀਦਾ ਹੈ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਲਾਂਘਾ ਵਿਸ਼ੇਸ਼ ਤੈਅ ਦਿਨਾਂ ਉੱਤੇ ਹੀ ਖੁੱਲ੍ਹਣਾ ਚਾਹੀਦਾ ਹੈ।

    ਭਾਰਤ ਦੀ ਤਜਵੀਜ਼ ਹੈ ਕਿ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਗਿਣਤੀ ਸੱਤ ਸੌ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਦਿਨਾਂ ਉੱਤੇ ਦਸ ਹਜ਼ਾਰ ਤੱਕ ਸ਼ਰਧਾਲੂ ਭੇਜਣ ਦੀ ਤਜਵੀਜ਼ ਵੀ ਪਾਕਿਸਤਾਨ ਨੇ ਨਹੀਂ ਮੰਨੀ। ਇਸ ਤੋਂ ਇਲਾਵਾ ਪਾਕਿਸਤਾਨ, ਭਾਰਤ ਦੀ ਰਾਵੀ ਦਰਿਆ ਉਤੇ ਪੁਲ ਉਸਾਰਨ ਦੀ ਤਜਵੀਜ਼ ਨਾਲ ਵੀ ਸਹਿਮਤ ਨਹੀਂ ਹੈ ਅਤੇ ਨਾ ਹੀ ਭਾਰਤ ਦੇ ਵੱਲੋਂ ਸ਼ਰਧਾਲੂਆਂ ਦੀ ਪੈਦਲ ਜਾਣ ਦੀ ਤਜਵੀਜ਼ ਬਾਰੇ ਉਸ ਵੱਲੋਂ ਕੋਈ ਹੁੰਗਾਰਾ ਭੇਜਿਆ ਗਿਆ ਹੈ।
    First published: