
ਕਿਸਾਨ ਯੂਨੀਅਨ ਨੇ ਮਾਰਕਫ਼ੈਡ ਦੇ ਜਿਲ੍ਹਾ ਖਾਦ ਸਪਲਾਈ ਅਫ਼ਸਰ ਨੂੰ ਘੇਰ ਲਿਆ
ਆਸ਼ੀਸ਼ ਸ਼ਰਮਾ
ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਰਕਫ਼ੈਡ ਦੇ ਜਿਲ੍ਹਾ ਖਾਦ ਸਪਲਾਈ ਅਫ਼ਸਰ ਨੂੰ ਘੇਰ ਲਿਆ ਗਿਆ। ਜੱਥੇਬੰਦੀ ਦੇ ਆਗੂ ਯੂਰੀਆ ਖਾਦ ਨਾ ਮਿਲਣ ਕਾਰਨ ਰੋਸ ਵਿੱਚ ਹਨ। ਯੂਰੀਏ ਦੀ ਪਿੰਡਾਂ ਵਿੱਚ ਕਿਸਾਨਾਂ ਨੂੰ ਸਹੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਜੱਥੇਬੰਦੀ ਵਲੋਂ ਇਹ ਕਦਮ ਚੁੱਕਿਆ ਗਿਆ।
ਕਿਸਾਨਾਂ ਵਲੋਂ ਦਫ਼ਤਰ ਦੇ ਕੀਤੇ ਗਏ ਘਿਰਾਉ ਤੋਂ ਬਾਅਦ ਖਾਦ ਅਫ਼ਸਰ ਨੂੰ ਕਿਸਾਨਾਂ ਦੇ ਧਰਨੇ ਵਿੱਚ ਬੈਠ ਕੇ ਮੰਗਾਂ ਸੁਨਣੀਆਂ ਪਈਆਂ। ਕਿਸਾਨਾਂ ਵਲੋਂ ਇਸ ਦੌਰਾਨ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੱਸਿਆ ਕਿ ਯੂਰੀਆ ਖਾਦ ਦੀ ਬਹੁਤ ਜਿਆਦਾ ਘਾਟ ਹੈ।
ਯੂਰੀਏ ਦੀ ਘਾਟ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ। ਫ਼ਸਲ ਨੂੰ ਤੁਰਤ ਯੂਰੀਏ ਖਾਦ ਦੀ ਲੋੜ ਹੈ, ਜਦਕਿ ਅਧਿਕਾਰੀ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ। ਉਹਨਾਂ ਕਿਹਾ ਕਿ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਯੂਰੀਆ ਖਾਦ ਗਈ ਨੂੰ ਕਈ ਕਈ ਦਿਨ ਬੀਤ ਗਏ ਹਨ। ਜਿਸ ਕਰਕੇ ਅੱਜ ਮਜਬੂਰਨ ਮਾਰਕਫ਼ੈਡ ਦੇ ਖਾਦ ਅਫ਼ਸਰ ਦਾ ਘਿਰਾਉ ਕਰਨਾ ਪਿਆ ਹੈ। ਜਿੰਨਾਂ ਸਮਾਂ ਉਹਨਾਂ ਦੀ ਯੂਰੀਆ ਖਾਦ ਦੀ ਘਾਟ ਦੀ ਸਮੱਸਿਆ ਦਾ ਹੱਲ ਨਹੀਂ ਕਰਦੇ, ਉਨਾਂ ਸਮਾਂ ਉਹਨਾਂ ਦਾ ਘਿਰਾਉ ਜਾਰੀ ਰਹੇਗਾ।
ਇਸ ਸਬੰਧੀ ਖਾਦ ਅਫ਼ਸਰ ਮੁਹੰਮਦ ਯਾਸੀਨ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੀਆਂ ਸੁਸਾਇਟੀਆਂ ਵਿੱਚ 47 ਪ੍ਰਤੀਸ਼ਤ ਯੂਰੀਆ ਮੁਹੱਈਆ ਕੀਤਾ ਜਾ ਚੁੱਕਾ ਹੈ ਅਤੇ ਜਲਦ ਹੋਰ ਯੂਰੀਆ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਘਾਟ ਪੂਰੀ ਕਰ ਦਿੱਤੀ ਜਾਵੇਗੀ।
ਉਹਨਾਂ ਮੰਨਿਆ ਕਿ ਬਰਨਾਲਾ ਵਿੱਚ ਰੇਲਵੇ ਰੈਕ ਨਾ ਲੱਗਣ ਕਾਰਨ ਇਹ ਸਮੱਸਿਆ ਆ ਰਹੀ ਹੈ, ਜਿਸ ਕਰਕੇ ਫ਼ਸਲ ਤੇ ਇਸ ਦਾ ਮਾੜਾ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਯੂਰੀਆ ਦੇ ਕਾਰਖਾਨੇ ਬੰਦ ਰਹਿਣ ਕਾਰਨ ਯੂਰੀਏ ਦੀ ਘਾਟ ਹੈ। ਇਸ ਸਬੰਧੀ ਉਚ ਅਧਿਕਾਰੀਆਂ ਨੂੰ ਜਾਣੁੰ ਕਰਵਾ ਦਿੱਤਾ ਹੈ ਅਤੇ ਜਲਦ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।