ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿਚ ਪੰਜਾਬ ਪੁਲਿਸ ਦੇ ਦੋ ਸੇਵਾਮੁਕਤ ਅਫ਼ਸਰਾਂ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਏਐੱਸਆਈ ਜਗਤਾਰ ਸਿੰਘ ਨੂੰ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਸਜ਼ਾ ਦੇ ਨਾਲ ਇਕ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਸ ਮਾਮਲੇ ਵਿੱਚ ਨਾਮਜ਼ਦ ਦੋ ਹੋਰ ਪੁਲਿਸ ਅਫ਼ਸਰਾਂ ਇੰਸਪੈਕਟਰ ਪੂਰਨ ਸਿੰਘ ਅਤੇ ਏਐੱਸਆਈ ਜਗੀਰ ਸਿੰਘ ਦੀ ਟਰਾਇਲ ਦੌਰਾਨ ਮੌਤ ਹੋ ਚੁੱਕੀ ਹੈ।
ਅਪਰੈਲ 1993 ਵਿੱਚ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਨੌਜਵਾਨ ਹਰਬੰਸ ਸਿੰਘ ਵਾਸੀ ਉਬੋਕੇ (ਤਰਨ ਤਾਰਨ) ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਸੀ ਅਤੇ 15 ਅਪਰੈਲ 1993 ਨੂੰ ਤਰਨ ਤਾਰਨ ਜ਼ਿਲ੍ਹੇ ਦੀ ਪੁਲਿਸ ਹਥਿਆਰ ਬਰਾਮਦ ਕਰਵਾਉਣ ਲਈ ਉਸ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਸੀ।
ਰਸਤੇ ਵਿਚ ਖਾੜਕੂਆਂ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਮੁਕਾਬਲੇ ਵਿਚ ਹਰਬੰਸ ਸਿੰਘ ਅਤੇ ਇਕ ਹੋਰ ਅਣਪਛਾਤਾ ਖਾੜਕੂ ਮਾਰਿਆ ਗਿਆ ਸੀ।
ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਹੀ ਸੀ। ਕੇਸ ਦੀ ਸੁਣਵਾਈ ਦੌਰਾਨ ਬੀਤੀ 27 ਅਕਤੂਬਰ ਨੂੰ ਸੀਬੀਆਈ ਅਦਾਲਤ ਨੇ ਦੋ ਸੇਵਾਮੁਕਤ ਪੁਲਿਸ ਅਫ਼ਸਰਾਂ ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Encounter