ਸ਼ਿਵਮ ਮਹਾਜਨ, ਲੁਧਿਆਣਾ:
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਨੂੰ ਮੁਲਕ ਵਿਚ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਨਾਇਕ ਮੋੜ ਵਜੋਂ ਚੇਤੇ ਰੱਖਿਆ ਜਾਵੇਗਾ।
ਮੁੱਖ ਮੰਤਰੀ ਚੰਨੀ ਨੇ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪੰਜ ਵਾਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਅੰਦੋਲਨ ਨੇ ਮੁਲਕ ਵਿਚ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਹੱਕ-ਹਕੂਕ ਕਾਇਮ ਰੱਖੇ।
ਮੁੱਖ ਮੰਤਰੀ ਨੇ ਇਨ੍ਹਾਂ ਨੇਤਾਵਾਂ ਨੂੰ ਅਜਿਹੀਆਂ ਖੁਸ਼ੀਆਂ ਜ਼ਾਹਰ ਕਰਨ ਪਿੱਛੇ ਤਰਕ ਦੇਣ ਦਾ ਸਵਾਲ ਕਰਦਿਆਂ ਕਿਹਾ ਕਿ ਇਹਦੇ ਵਿਚ ਖੁਸ਼ੀ ਵਾਲੀ ਕਿਹੜੀ ਗੱਲ ਹੈ ਕਿਉਂ ਜੋ ਇਸ ਸੰਘਰਸ਼ ਵਿਚ ਪੰਜਾਬ ਆਪਣੇ 700 ਧੀਆਂ-ਪੁੱਤ ਗੁਆ ਚੁੱਕਾ ਹੈ। ॥ ਇਸ ਫੈਸਲੇ ਦੇ ਹੱਕ ਵਿਚ ਸੋਹਲੇ ਗਾਉਣ ਦਾ ਸਿੱਧਾ ਜਿਹਾ ਮਤਲਬ ਕੇਂਦਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਉਤੇ ਢਾਹੇ ਤਸ਼ੱਦਦ ਦਾ ਪੱਖਾ ਪੂਰਨਾ ਹੈ ਜੋ ਪੂਰੀ ਤਰ੍ਹਾਂ ਗੈਰ-ਵਾਜਿਬ ਹੈ। ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਵਾਰਥੀ ਮੁਫਾਦਾਂ ਦੀ ਖਾਤਰ ਕੁਝ ਸਿਆਸੀ ਨੇਤਾ ਸੂਬੇ ਦੇ ਹਿੱਤਾਂ ਖਾਸ ਕਰਕੇ ਕਿਸਾਨਾਂ ਦੇ ਹਿੱਤ ਕੁਰਬਾਨ ਕਰਨ ਲਈ ਪੱਬਾ ਭਾਰ ਹੋਏ ਫਿਰਦੇ ਹਨ।
ਜਦੋਂ ਤੱਕ ਫਸਲਾਂ ਉਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਨਹੀਂ ਮਿਲ ਜਾਂਦੀ, ਓਦੋਂ ਤੱਕ ਕਾਲੇ ਕਾਨੂੰਨ ਮਨਸੂਖ ਕਰ ਦੇਣ ਦਾ ਐਲਾਨ ਵੀ ਬੇਮਾਅਨਾ ਤੇ ਬੇਬੁਨਿਆਦ ਹੈ। ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਘੱਟੋ-ਘੱਟ ਸਮਰਥਨ ਭਾਅ ਉਤੇ ਚੁੱਕਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਨਿੱਜੀ ਖਰੀਦਦਾਰਾਂ ਹੱਥੋਂ ਲੁੱਟ ਤੋਂ ਬਚਾਇਆ ਜਾ ਸਕੇ।
ਸੂਬਾ ਸਰਕਾਰ ਇਨ੍ਹਾਂ ਸ਼ਹੀਦ ਕਿਸਾਨਾਂ ਦੇ ਨਾਮ ਉਤੇ ਯਾਦਗਾਰ ਬਣਾਏਗੀ ਤਾਂ ਕਿ ਸਾਡੀਆਂ ਨੌਜਵਾਨਾਂ ਪੀੜ੍ਹੀਆਂ ਉਨ੍ਹਾਂ ਦੇ ਮਿਸਾਲੀ ਸੰਘਰਸ਼ ਤੋਂ ਜਾਣੂੰ ਹੋ ਸਕਣ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਕਿਸਾਨਾਂ ਨੂੰ ਦਰਪੇਸ਼ ਔਕੜਾਂ ਅਤੇ ਮੁਸੀਬਤਾਂ ਸਾਨੂੰ ਸਾਰਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਮਨ, ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ਼ ਇਕਜੁਟ ਹੋ ਕੇ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਹ ਯਾਦਗਾਰ ਸੂਬਾ ਸਰਕਾਰ ਵੱਲੋਂ ਮੁਲਕ ਦੇ ਅੰਨਦਾਤਿਆਂ ਨੂੰ ਨਿਮਾਣੀ ਸ਼ਰਧਾਂਜਲੀ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Farmer, Ludhiana, Punjab, Punjab farmers