
ਲੁਧਿਆਣਾ ਧਮਾਕਾ: ਗਗਨਦੀਪ ਦੀ ਮਹਿਲਾ ਦੋਸਤ ਪੁਲਿਸ ਹਿਰਾਸਤ 'ਚ, 7 ਹੋਰ ਲੋਕਾਂ ਤੋਂ ਪੁੱਛਗਿੱਛ ਜਾਰੀ
ਪੰਜਾਬ ਪੁਲਿਸ ਨੇ ਲੁਧਿਆਣਾ ਬੰਬ ਧਮਾਕੇ ਵਿੱਚ ਮਾਰੇ ਗਏ ਸੂਬਾ ਪੁਲਿਸ ਦੇ ਬਰਖ਼ਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਦੀ ਇੱਕ ਮਹਿਲਾ ਦੋਸਤ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਅਨੁਸਾਰ ਗਗਨਦੀਪ ਖੰਨਾ ਦੀ ਇਹ ਮਹਿਲਾ ਦੋਸਤ ਪੁਲਿਸ ਵਿੱਚ ਕਾਂਸਟੇਬਲ ਹੈ ਅਤੇ ਐਸਪੀ ਦਫ਼ਤਰ ਵਿੱਚ ਤਾਇਨਾਤ ਹੈ।
ਖੰਨਾ ਪੁਲਿਸ ਨੂੰ ਮਿਲੇ ਇਨਪੁਟਸ ਦੇ ਆਧਾਰ 'ਤੇ ਗਗਨਦੀਪ ਦੀ ਕਾਲ ਡਿਟੇਲ ਚੈੱਕ ਕਰਨ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਮਹਿਲਾ ਕਾਂਸਟੇਬਲ ਦੇ ਇਸ ਧਮਾਕੇ ਨਾਲ ਕਿਸ ਤਰ੍ਹਾਂ ਦਾ ਸਬੰਧ ਹੈ, ਇਸ ਦੇ ਨਾਲ ਹੀ 7 ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚ ਨਵਾਂਸ਼ਹਿਰ ਦਾ ਇਕ ਬਰਖਾਸਤ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ, ਜੋ ਨਸ਼ਾ ਤਸਕਰੀ ਦੇ ਮਾਮਲੇ 'ਚ ਸ਼ਾਮਲ ਸੀ।
ਪੁਲਿਸ ਸੂਤਰਾਂ ਨੇ ਇੱਕ ਦਿਨ ਪਹਿਲਾਂ 24 ਦਸੰਬਰ ਨੂੰ ਦੱਸਿਆ ਸੀ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਪੁਲਿਸ ਦੇ ਬਰਖ਼ਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਵਜੋਂ ਹੋਈ ਹੈ। ਜੋ ਕਿ ਲੁਧਿਆਣਾ ਦੇ ਖੰਨਾ ਦਾ ਰਹਿਣ ਵਾਲਾ ਸੀ ਅਤੇ ਨਸ਼ੇ ਦੇ ਇੱਕ ਮਾਮਲੇ ਵਿੱਚ ਹੈੱਡ ਕਾਂਸਟੇਬਲ ਦੇ ਅਹੁਦੇ ਤੋਂ ਬਰਖ਼ਾਸਤ ਹੋ ਗਿਆ ਸੀ।
ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਧਮਾਕੇ ਵਿੱਚ ਮਾਰਿਆ ਗਿਆ ਵਿਅਕਤੀ ਵਿਸਫੋਟਕ ਬਣਾਉਣ ਜਾਂ ਸਟੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਗਗਨਦੀਪ ਦੇ ਪਰਿਵਾਰ ਵਾਲਿਆਂ ਨੇ ਵੀ ਖੰਨਾ 'ਚ ਹੀ ਉਸ ਦੀ ਪਛਾਣ ਕੀਤੀ ਹੈ। ਉਸ ਨੂੰ 2019 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਸਮਝਿਆ ਜਾ ਰਿਹਾ ਹੈ ਕਿ ਉਸ ਦੇ ਮੋਬਾਈਲ ਫ਼ੋਨ ਦੇ ਸਿਮ ਕਾਰਡ ਨੇ ਉਸ ਦੀ ਪਛਾਣ ਵਿਚ ਮਦਦ ਕੀਤੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।